ਆਸਟ੍ਰੇਲੀਆ ਦੀ ਉਲੰਪਿਕ ਗੋਲਡਨ ਗਰਲ ਬੈਟੀ ਸੰਸਾਰ ਨੂੰ ਕਹਿ ਗਈ ਅਲਵਿਦਾ

Monday, Aug 07, 2017 - 05:32 PM (IST)

ਮੈਲਬੌਰਨ (ਜੁਗਿੰਦਰ ਸੰਧੂ)— ਆਸਟ੍ਰੇਲੀਆ ਦੀ ਓਲੰਪਿਕ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਮਹਾਨ ਐਥਲੀਟ ਬੈਟੀ ਕਥਬਰਟ ਕਾਫੀ ਸਮਾਂ ਬੀਮਾਰ ਰਹਿਣ ਪਿੱਛੋਂ ਬੀਤੀ ਰਾਤ ਸੰਸਾਰ ਨੂੰ ਅਲਵਿਦਾ ਕਹਿ ਗਈ। ਬੈਟੀ ਨੇ ਦੌੜਾਂ ਦੇ ਖੇਤਰ ਵਿਚ ਜੋ ਇਤਿਹਾਸ ਸਿਰਜਿਆ, ਉਸ ਨੂੰ ਕੋਈ ਹੋਰ ਓਲੰਪੀਅਨ ਲੜਕੀ ਛੂਹ ਵੀ ਨਹੀਂ ਸਕੀ। ਬੈਟੀ ਨੇ 1956 ਵਿਚ ਮੈਲਬੌਰਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੀ ਰਿਲੇਅ ਰੇਸ ਵਿਚ ਸੋਨੇ ਦੇ ਤਮਗੇ ਜਿੱਤੇ, ਜਦੋਂ ਕਿ ਚੌਥਾ ਸੋਨ ਤਮਗਾ ਉਸ ਨੇ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਜਿੱਤਿਆ ਸੀ। ਆਪਣੇ ਖੇਡ ਕੈਰੀਅਰ ਵਿਚ ਬੈਟੀ ਨੇ 9 ਨਵੇਂ ਰਿਕਾਰਡ ਬਣਾਏ। ਇਸ ਮਹਾਨ ਐਥਲੀਟ ਦੇ ਸਨਮਾਨ ਵਿਚ ਸਰਕਾਰ ਨੇ ਮੈਲਬੌਰਨ ਕ੍ਰਿਕਟ ਸਟੇਡੀਅਮ ਦੇ ਬਾਹਰ ਉਸ ਦਾ ਕਾਂਸੀ ਦਾ ਬੁੱਤ ਵੀ ਸਥਾਪਤ ਕੀਤਾ ਹੈ। ਪ੍ਰਧਾਨ ਮੰਤਰੀ ਟਰਨਬੁੱਲ ਅਤੇ ਹੋਰ ਕਈ ਮੰਤਰੀਆਂ ਅਤੇ ਉੱਘੀਆਂ ਸ਼ਖਸੀਅਤਾਂ ਨੇ ਬੈਟੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਆਖਰੀ ਸਾਹ ਲੈਣ ਵੇਲੇ ਬੈਟੀ 79 ਸਾਲ ਦੀ ਸੀ।


Related News