ਆਸਟ੍ਰੇਲੀਆ ''ਚ ਸੋਮਵਾਰ ਤੋਂ ਕੋਰੋਨਾ ਟੀਕਾਕਰਨ ਸ਼ੁਰੂ, ਇਨ੍ਹਾਂ ਲੋਕਾਂ ਨੂੰ ਮਿਲੇਗੀ ਪਹਿਲ
Saturday, Feb 20, 2021 - 12:37 PM (IST)
ਸਿਡਨੀ- ਆਸਟ੍ਰੇਲੀਆ ਵਿਚ ਸੋਮਵਾਰ ਤੋਂ ਮੁਫ਼ਤ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਆਸਟ੍ਰੇਲੀਆ ਸਰਕਾਰ ਟੀਕਾਕਰਨ ਨੂੰ ਲੈ ਕੇ ਪੱਬਾਂ ਭਾਰ ਹੈ, ਹਾਲਾਂਕਿ ਬਹੁਤ ਸਾਰੇ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਿਹਤ ਅਧਿਕਾਰੀਆਂ ਮੁਤਾਬਕ ਜੇਕਰ ਯੋਜਨਾ ਮੁਤਾਬਕ ਟੀਕਾਕਰਨ ਮੁਹਿੰਮ ਚੱਲਦੀ ਰਹੀ ਤਾਂ ਮਾਰਚ ਦੇ ਅਖੀਰ ਤੱਕ 40 ਲੱਖ ਆਸਟ੍ਰੇਲੀਅਨ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਜਾਵੇਗਾ। ਅਧਿਕਾਰੀਆਂ ਮੁਤਾਬਕ ਹਰ ਵਿਅਕਤੀ ਕੋਰੋਨਾ ਟੀਕਾ ਲਗਵਾਉਣ ਦੇ ਯੋਗ ਹੈ।
ਕੋਈ ਵੀ ਨੌਜਵਾਨ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾ ਸਕਦਾ ਹੈ। 16 ਸਾਲ ਦੇ ਬੱਚਿਆਂ ਨੂੰ ਬਾਅਦ ਵਿਚ ਟੀਕਾ ਲਗਾਇਆ ਜਾ ਸਕਦਾ ਹੈ। ਹਾਲਾਂਕਿ ਸਭ ਤੋਂ ਪਹਿਲਾਂ ਫਰੰਟਲਾਈਨ ਡਾਕਟਰਾਂ ਤੇ ਸਟਾਫ਼ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕੇਅਰ ਹੋਮ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਟੀਕਾ ਲਗਾਇਆ ਜਾਵੇਗਾ। ਇਕਾਂਤਵਾਸ ਹੋ ਕੇ ਸਰਹੱਦਾਂ 'ਤੇ ਰਹਿ ਰਹੇ ਲੋਕਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਟੀਕਾ ਲੱਗ ਸਕਦਾ ਹੈ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦੀਆਂ ਸੋਧਾਂ ਵਿਚ ਛੋਟੇ ਬੱਚਿਆਂ 'ਤੇ ਕੋਰੋਨਾ ਦਾ ਵਧੇਰੇ ਖ਼ਤਰਾ ਨਹੀਂ ਹੈ, ਇਸੇ ਲਈ ਬੱਚਿਆਂ ਨੂੰ ਬਾਅਦ ਵਿਚ ਸਲਾਹ ਮਗਰੋਂ ਹੀ ਟੀਕੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੋਰੋਨਾ ਟੀਕੇ ਲਈ ਕਿਸੇ 'ਤੇ ਦਬਾਅ ਨਹੀਂ ਪਾਇਆ ਜਾਵੇਗਾ ਤੇ ਇਹ ਵਿਅਕਤੀ ਦੀ ਆਪਣੀ ਇੱਛਾ ਹੋਵੇਗੀ ਕਿ ਉਹ ਟੀਕਾ ਲਗਵਾਉਣਾ ਚਾਹੁੰਦਾ ਹੈ ਜਾਂ ਨਹੀਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀਕਾ ਮੁਫ਼ਤ ਲੱਗੇਗਾ ਅਤੇ ਕਿਸੇ ਨੂੰ ਇਸ ਲਈ ਪੈਸੇ ਨਹੀਂ ਦੇਣੇ ਪੈਣਗੇ।