ਆਸਟ੍ਰੇਲੀਆ ''ਚ ਪੰਜਾਬੀ ਅਤੇ ਹਰਿਆਣਵੀ ਨੌਜਵਾਨਾਂ ਨੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ (ਤਸਵੀਰਾਂ)
Wednesday, Dec 09, 2020 - 05:58 PM (IST)
ਸਿਡਨੀ (ਸਨੀ ਚਾਂਦਪੁਰੀ): ਭਾਰਤ ਵਿਚ ਜਾਰੀ ਕਿਸਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ। ਸਿਡਨੀ ਦੇ ਕੁਏਕਰ ਹਿੱਲ ਇਲਾਕੇ ਵਿੱਚ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਰੋਸ ਰੈਲੀ ਵਿੱਚ ਮਾਹੌਲ ਉਦੋਂ ਭਾਵਨਾਤਮਕ ਬਣ ਗਿਆ ਜਦੋਂ ਕਿਸਾਨਾਂ ਦੀ ਰੈਲੀ ਵਿੱਚ ਹਰਿਆਣਵੀ ਬੁਲਾਰਿਆਂ ਦਾ ਪੰਜਾਬੀ ਨੌਜਵਾਨਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਰੋਸ ਰੈਲੀ ਦੌਰਾਨ ਹਰਿਆਣਵੀ ਪੰਜਾਬੀ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਭਾਰਤ ਦੇਸ਼ ਦੇ ਦੋ ਅਨਿੱਖੜਵੇਂ ਸੂਬੇ ਹਨ ਜੋ ਕਿਸੇ ਵੀ ਕੀਮਤ ਤੇ ਅਲੱਗ ਨਹੀਂ ਹੋ ਸਕਦੇ। ਉਹਨਾਂ ਨੇ ਕਿਹਾ ਕਿ ਹਰਿਆਣਾ ਕਿਸਾਨ ਅੰਦੋਲਨ ਵਿੱਚ ਪੰਜਾਬੀ ਕਿਸਾਨਾਂ ਦਾ ਡੱਟ ਕੇ ਸਾਥ ਦੇ ਰਿਹਾ ਹੈ ਅਤੇ ਕੇਂਦਰ ਨੂੰ ਬਿੱਲ ਵਾਪਿਸ ਕਰਵਾਉਣ ਲਈ ਮਜਬੂਰ ਬਣਾ ਰਿਹਾ ਹੈ। ਸਿਡਨੀ ਵਿੱਚ ਹੋਈ ਇਸ ਰੋਸ ਰੈਲੀ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ।
ਪੰਜਾਬ ਹਰਿਆਣੇ ਦਾ ਵੱਡਾ ਭਰਾ, ਵੱਡੇ ਭਰਾ ਨੂੰ ਇਕੱਲਾ ਨਹੀਂ ਛੱਡਾਂਗੇ
ਹਰਿਆਣਵੀ ਨੌਜਵਾਨਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਹਰ ਸਮੇਂ ਪੰਜਾਬ ਨਾਲ ਖੜ੍ਹਾ ਹੈ ਭਾਵੇਂ ਉਹ ਗੱਲ ਭਾਰਤ ਦੇਸ਼ ਵਿੱਚ ਕੇਂਦਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਦੀ ਹੋਵੇ ਭਾਵੇਂ ਵਿਦੇਸ਼ਾਂ ਵਿੱਚ ਹੋ ਰਹੇ ਵਿਰੋਧ ਦੀ ਗੱਲ।ਦੋਵੇਂ ਸੂਬੇ ਇੱਕ ਦੂਸਰੇ ਨਾਲ ਖੜ੍ਹੇ ਹਨ।
ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਹੀ ਇਹਨਾਂ ਨੂੰ ਦੋ ਸੂਬਿਆਂ ਦੇ ਨਾਮ ਦੇ ਦਿੱਤੇ ਹਨ ਪਰ ਇਹ ਸੂਬੇ ਇੱਕ ਹੀ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣੇ ਦਾ ਵੱਡਾ ਭਰਾ ਹੈ ਅਤੇ ਅਸੀਂ ਵੱਡੇ ਭਰਾ ਨੂੰ ਇਕੱਲਾ ਨਹੀਂ ਛੱਡਾਂਗੇ।ਨੌਜਵਾਨਾਂ ਵੱਲੋਂ ਵਾਰ-ਵਾਰ ਪੰਜਾਬ ਨੂੰ ਹਰਿਆਣੇ ਦਾ ਵੱਡਾ ਭਰਾ ਕਹਿ ਕੇ ਸੰਬੋਧਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਜੈਸਿੰਡਾ ਨੇ ਜਵਾਲਾਮੁਖੀ ਧਮਾਕੇ ਦੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ, ਕਹੀ ਇਹ ਗੱਲ
ਰੈਲੀ ਦੌਰਾਨ ਲੱਗੇ ਭਾਰਤ ਮਾਤਾ ਦੀ ਜੈ ਦੇ ਨਾਅਰੇ
ਰੋਸ ਰੈਲੀ ਵਿੱਚ ਨੌਜਵਾਨਾਂ ਵੱਲੋਂ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਵੀ ਲਗਾਏ ਗਏ ਅਤੇ ਉਹਨਾਂ ਸਾਫ਼ ਤੌਰ 'ਤੇ ਕਿਹਾ ਕਿ ਇਹ ਵਿਰੋਧ ਕੇਂਦਰ ਸਰਕਾਰ ਦੇ ਖ਼ਿਲਾਫ਼ ਹੈ ਨਾ ਕਿ ਦੇਸ਼ ਦੇ ਖ਼ਿਲਾਫ਼। ਦੇਸ਼ ਧਰਮ ਸੱਭ ਦੇ ਸਾਂਝੇ ਹਨ।
ਨੌਜਵਾਨਾਂ ਵੱਲੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਜੰਮ ਕੇ ਨਾਅਰੇ ਲਗਾਏ ਗਏ ਅਤੇ ਕਿਸਾਨਾਂ ਨੂੰ ਬਣਦੇ ਹੱਕ ਅਤੇ ਬਿੱਲਾਂ ਨੂੰ ਵਾਪਿਸ ਕਰਨ ਦੀ ਮੰਗ ਵੀ ਪੁਰ-ਜ਼ੋਰ ਕੀਤੀ ਗਈ। ਇਸ ਰੈਲੀ ਵਿੱਚ ਹਰਿਆਣਵੀ ਨੌਜਵਾਨਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਦੀ ਚਰਚਾ ਸਿਡਨੀ ਦੇ ਹਰ ਕੋਨੇ ਵਿੱਚ ਹੋ ਰਹੀ ਹੈ ਅਤੇ ਇਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਨੋਟ- ਆਸਟ੍ਰੇਲੀਆ 'ਚ ਪੰਜਾਬੀ ਅਤੇ ਹਰਿਆਣਵੀ ਨੌਜਵਾਨਾਂ ਨੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।