ਸਿਡਨੀ ਦਾ ਨਾਰਥਕਨੈਕਸ ਅਗਲੇ ਹਫਤੇ ਖੁੱਲ੍ਹਣ ਲਈ ਤਿਆਰ
Thursday, Oct 22, 2020 - 11:05 AM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਜਨਤਕ ਤੌਰ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 3 ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਨਾਰਥਕਨੈਕਸ (NorthConnex) ਮੈਗਾ ਪ੍ਰਾਜੈਕਟ ਕਾਫੀ ਮਹੱਤਵਪੂਰਨ ਹੈ। ਇਹ ਮੈਗਾ ਪ੍ਰਾਜੈਕਟ ਸੜਕ ਆਵਾਜਾਈ ਲਈ ਬਹੁਤ ਹੀ ਲਾਭਕਾਰੀ ਹੋਣ ਵਾਲਾ ਹੈ। ਇਸ ਨਾਲ ਪੈਨੈਂਟ ਹਿਲ ਰੋਡ ਵਾਲਾ 21 ਟ੍ਰੈਫਿਕ ਲਾਈਟਾਂ ਨੂੰ ਬਾਇਪਾਸ ਕਰਨ ਵਾਲਾ ਰਸਤਾ ਘੱਟੋ ਘੱਟ 15 ਮਿੰਟ ਤੋਂ ਵੀ ਜ਼ਿਆਦਾ ਦਾ ਸਮਾਂ ਬਚਾਵੇਗਾ। ਇਸ ਨੂੰ ਲੋਕਾਂ ਦੀ ਆਵਾਜਾਈ ਲਈ ਆਉਣ ਵਾਲੀ ਅਕਤੂਬਰ ਦੀ 31 ਤਾਰੀਖ ਨੂੰ ਖੋਲ੍ਹ ਦਿੱਤਾ ਜਾਵੇਗਾ।
ਇਸ ਪ੍ਰਾਜੈਕਟ ਨੂੰ ਤਿਆਰ ਕਰਨ ਵਿਚ ਘੱਟੋ ਘੱਟ 17,000 ਲੋਕਾਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ੳਕਤ ਹਾਈਵੇਅ, ਸਾਰੇ ਡ੍ਰਾਈਵਰਾਂ ਦੀਆਂ ਸੁਰੱਖਿਆ ਅਤੇ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦਿਆ ਹੋਇਆਂ ਬਣਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਾਰਥਕਨੈਕਸ ਆਸਟ੍ਰੇਲੀਆ ਦੀ ਸਭ ਤੋਂ ਡੂੰਘੀ ਸੁਰੰਗ ਹੈ ਜਿਹੜੀ ਕਿ 90 ਮੀਟਰ ਤੱਕ ਡੂੰਘੀ ਹੈ ਅਤੇ ਇਸ ਉਪਰ ਹੁਣ ਤੱਕ 50,000 ਦੇ ਕਰੀਬ ਟੈਸਟ ਅਤੇ ਚੈਕ (ਡ੍ਰਾਈਵਰਾਂ ਦੀ ਸੁਰੱਖਿਆ ਅਤੇ ਸਾਵਧਾਨੀਆਂ ਨੂੰ ਲੈ ਕੇ) ਕੀਤੇ ਜਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ : ਅਣਪਛਾਤੇ ਸਮੂਹ ਨੇ ਡੈਮੋਕ੍ਰੈਟਿਕ ਵੋਟਰਾਂ ਨੂੰ ਭੇਜੇ ਧਮਕੀ ਭਰੇ ਈ-ਮੇਲ
ਫੈਡਰਲ ਮੰਤਰੀ ਐਲਨ ਟੱਜ ਨੇ ਵੀ ਕਿਹਾ ਕਿ ਉਕਤ ‘ਜੌੜਾ ਸੁਰੰਗਾਂ’ ਦੇ ਫਾਈਨਲ ਟੈਸਟ ਕੀਤੇ ਜਾ ਚੁਕੇ ਹਨ ਅਤੇ 9 ਕਿਲੋਮੀਟਰ ਦੀਆਂ ਇਹ ਸੁਰੰਗਾਂ ਹੁਣ ਲੋਕਾਂ ਦੀ ਆਵਾਜਾਈ ਲਈ ਤਿਆਰ ਹਨ। ਰਾਜ ਆਵਾਜਾਈ ਮੰਤਰੀ ਐਂਡ੍ਰਿਊ ਕੰਸਟੈਂਸ ਨੈ ਕਿਹਾ ਕਿ ਉਕਤ ਡ੍ਰਾਇਵ-ਵੇਅ ਬਹੁਤ ਹੀ ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ ਅਤੇ ਆਧੁਨਿਕ ਸਹੂਸਤਾਂ ਨਾਲ ਲੈਸ ਹੋਣ ਦੇ ਤਹਿਤ ਇਹ 24 ਘੰਟੇ 7 ਦਿਨ ਲਗਾਤਾਰ ਨਿਗਰਾਨੀ ਅਧੀਨ ਵੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਆਸਟ੍ਰੇਲੀਆ ਦਾ ਪਹਿਲਾ ਅਜਿਹਾ ਡ੍ਰਾਇਵ-ਵੇਅ ਹੈ ਜਿੱਥੇ ਕਿ ਆਧੁਨਿਕ ਲਾਈਟਾਂ 'ਤੇ ਆਧਾਰਿਤ ਦਰਖ਼ਤਾਂ, ਤਾਰਿਆਂ, ਪੰਛੀਆਂ ਅਦਿ ਨੂੰ ਦਰਸਾਇਆ ਗਿਆ ਹੈ ਅਤੇ ਇਸ ਵਿਚ ਸੁਰੱਖਿਆ ਦੇ ਨਾਲ-ਨਾਲ ਵਿਲੱਖਣਤਾ ਵੀ ਦੇਖਣ ਨੂੰ ਮਿਲੇਗੀ। ਸਿਰਫ ਇਕ ਹੋਰ ਹੋਣ ਵਾਲੇ ਆਖਰੀ ਟੈਸਟ ਤੋਂ ਬਾਅਦ ਇਸ ਨੂੰ 31 ਅਕਤੂਬਰ ਦੇ ਤੜਕੇ ਸਵੇਰੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਇਸ ਡ੍ਰਾਇਵ-ਵੇਅ ਦੇ ਖੁਲ੍ਹੱਣ ਨਾਲ ਪੈਨੇਂਟ ਹਿਲ ਰੋਡ ਉਪਰ ਹਰ ਰੋਜ਼ ਚਲਦੇ ਘੱਟੋ ਘੱਟ 5000 ਵੱਡੇ ਅਤੇ ਭਾਰੀ-ਭਰਕਮ ਟਰੱਕਾਂ ਤੋਂ ਸਥਾਨਕ ਲੋਕਾਂ ਨੂੰ ਨਿਜਾਤ ਮਿਲ ਜਾਵੇਗੀ।