ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ''ਚ ਮੁਲਕ ਦਾ ਸਭ ਤੋਂ ਵੱਡਾ ਦੁਰਗਾ ਮਾਤਾ ਦਾ ਮੰਦਰ

10/05/2019 1:30:21 AM

ਮੈਲਬੌਰਨ : (ਦੀਪਕ ਸ਼ਰਮਾ): ਭਾਰਤ ਵਿਖੇ ਜਿਥੇ ਇੱਕ ਪਾਸੇ ਨਰਾਤਿਆਂ ਦੀ ਧੁਮ-ਧਾਮ ਨਾਲ ਮਾਤਾ ਦੀ ਪੂਜਾ, ਸ਼ਰਧਾ, ਜਗਰਾਤੇ, ਕੰਜਕ ਪੂਜਣ, ਗਰਬਾ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਉਥੇ ਵਿਦੇਸ਼ਾਂ 'ਚ ਕੇਵਲ ਅਸਟਰੇਲੀਆ ਸ਼ਹਿਰ ਮੈਲਬੌਰਨ ਵਿਖੇ ਸੰਗਤਾਂ ਦੇ ਉਤਸ਼ਾਹ ਤੇ ਸਹਿਯੋਗ ਨਾਲ ਬਣਾਇਆ ਹੋਇਆ ਵਿਸ਼ਾਲ ਦੁਰਗਾ ਮਾਤਾ ਦਾ ਮੰਦਿਰ ਅਸਟਰੇਲੀਆ ਵਿਚ ਸਭ ਤੋਂ ਵੱਡਾ ਤੇ ਪਹਿਲਾ ਮੰਦਿਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਥੇ ਸਾਰੇ ਧਰਮਾਂ ਦੇ ਲੋਕ ਜਿਵੇਂ ਨੇਪਾਲੀ, ਸਿੱਖ, ਇਸਾਈ ਤੇ ਮੁਸਲਮ ਧਰਮ ਤੋਂ ਇਲਾਵਾ ਸਭ ਤੋਂ ਜਿਆਦਾ ਸਵਦੇਸ਼ੀ ਯਾਨੀ ਅਸਟਰੇਲੀਆ ਦੇ ਵਾਸੀ ਸਿਰ ਝੁਕਾਉਂਦੇ ਹਨ। ਮੈਲਬੌਰਨ ਦੇ 'ਚ ਮਾਤਾ ਦੁਰਗਾ ਦੇ ਭਗਤਾਂ ਦੇ ਦਾਨ ਤੋਂ ਬਣੇ ਇਸ ਮੰਦਿਰ ਵਿਚ ਨਰਾਤਿਆਂ ਤੋਂ ਇਲਾਵਾ ਰੋਜ਼ਾਨਾਂ ਸਵੇਰੇ ਸ਼ਾਮ ਸਾਰੇ ਧਰਮਾਂ ਦੇ ਗਰੀਬ ਬੱਚਿਆਂ ਤੋਂ ਇਲਾਵਾ ਦੇਸ਼-ਵਿਦੇਸ਼ਾਂ ਤੋਂ ਨੌਕਰੀ ਦੀ ਭਾਲ ਵਿਚ ਆਏ ਵਿਦਿਆਰਥੀਆਂ ਨੂੰ ਇਥੇ ਮੁਫਤ ਪ੍ਰਸ਼ਾਦੇ ਛਕਾਏ ਜਾਂਦੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆ ਦੁਰਗਾ ਮਾਤਾ ਮੰਦਿਰ ਦੇ ਪ੍ਰਧਾਨ ਕੁਲਵੰਤ ਰਾਏ ਜੋਸ਼ੀ ਨੇ ਦੱਸਿਆ ਕਿ ਮੰਦਿਰ ਦਾ ਸਾਰਾ ਖਰਚ ਦਾ ਪ੍ਰਬੰਧ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।

ਮੈਲਬੌਰਨ ਸ਼ਹਿਰ ਦੇ ਨਾਲ ਪੱਛਮ ਬਾਹਰਲੇ ਇਲਾਕੇ, ਰੌਕ ਬੈਂਕ ਦੇ ਨਾਲ ਮੈਲਟਨ ਵਿਖੇ ਮੌਜੂਦ ਇਸ ਵਿਸ਼ਾਲ ਦੁਰਗਾ ਮਾਤਾ ਦੇ ਮੰਦਿਰ ਦਾ ਨਿਰਮਾਣ ਕੰਮ ਲਗਾਤਾਰ ਜਾਰੀ ਹੈ। ਜਦ ਕਿ ਇਸ ਮੰਦਿਰ ਦੀ ਚਾਰਦਵਾਰੀ ਨੂੰ ਅਤੇ ਪੂਰੇ ਨਿਰਮਾਣ ਨੂੰ ਪੂਰਾ ਕਰਨ ਲਈ ਛੇ ਮਿਲੀਅਨ ਡਾਲਰ ਯਾਨੀ ਕਿ 30 ਕਰੌੜ ਰੁਪਏ ਦੀ ਜ਼ਰੂਰਤ ਹੈ। ਪ੍ਰਧਾਨ ਕੁਲਵੰਤ ਰਾਏ ਜੋਸ਼ੀ ਨੇ ਦੱਸਿਆ ਕਿ ਇਥੇ ਲੱਖਾਂ ਦੀ ਗਿਣਤੀ ਵਿਚ ਹਰ ਧਰਮ ਦੇ ਸ਼ਰਧਾਲੂ ਖਾਸ ਕਰਕੇ ਨਰਾਤਿਆਂ ਦੇ ਵਿਚ ਦੁਰਗਾ ਮਾਤਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਹਰ ਐਤਵਾਰ ਸਾਰਾ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦਾ ਆਉਣਾ ਜਾਣਾ ਰਹਿੰਦਾ ਹੈ। ਜਿਥੇ ਇਨਾਂ ਨੂੰ ਸਾਂਝੇ ਤੌਰ ਤੇ ਵੈਸ਼ਨੋ ਲੰਗਰ ਵਰਤਾਇਆ ਜਾਂਦਾ ਹੈ। ਕਈ ਵਾਰ ਜਿਆਦਾ ਤਰ ਅਮੀਰ ਸ਼ਰਧਾਲੂ ਹਰ ਹਫਤੇ ਦੇ ਲੰਗਰ ਦਾ ਖਰਚ ਦੀ ਰਕਮ ਦਾਨ ਵਜੋਂ ਵੀ ਜਮਾ ਕਰਵਾਉਂਦੇ ਹਨ। ਇਸ ਤੋਂ ਇਲਾਵਾ ਰਫੂਜੀਆਂ ਦੇ ਕੈਂਪਾਂ ਵਿਖੇ ਮੰਦਿਰ ਵੱਲੋਂ ਲੰਗਰ ਭੇਜਿਆ ਜਾਂਦਾ ਹੈ। ਪ੍ਰਧਾਨ ਕੁਲਵੰਤ ਰਾਏ ਜੋਸ਼ੀ ਨੇ ਦੱਸਿਆ ਕਿ ਸਾਰੇ ਨਿਰਮਾਣ ਲਈ ਸਥਾਨਕ ਵਿਦੇਸ਼ੀ ਮਾਹਰ, ਇੰਜੀਨੀਅਰਾਂ ਦੀ ਟੀਮ ਮੰਦਿਰ ਦੇ ਨਿਰਮਾਣ ਕੰਮ ਨੂੰ ਪੂਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਭਾਰਤ ਸਰਕਾਰ ਵੱਲੋਂ ਇਸ ਮੰਦਿਰ ਦੇ ਨਿਰਮਾਣ ਲਈ ਕੋਈ ਵੀ ਕੌਡੀ ਦੀ ਸਹਾਇਤਾ ਵਜੋਂ ਨਹੀਂ ਦਿੱਤੀ ਗਈ। ਜਦ ਕਿ ਅਸਟਰੇਲੀਆ ਸਰਕਾਰ ਨੇ ਸਾਰੇ ਨਿਰਮਾਣ ਦੇ ਖਰਚ ਦੀ ਇਕ ਪ੍ਰਤੀਸ਼ਤ ਰਾਸ਼ੀ ਦਾਨ ਵਜੋਂ ਮੰਦਿਰ ਨੂੰ ਦਿੱਤੀ ਹੈ। ਬਾਕੀ ਸਾਰਾ ਖਰਚ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਨਿਰਮਾਣ ਕੰਮ ਲਗਾਤਾਰ ਜਾਰੀ ਹੈ। ਮੰਦਿਰ ਦੇ ਪ੍ਰਬੰਧਕਾਂ ਵੱਲੋਂ ਖੂਨਦਾਨ ਕੈਂਪ, ਜ਼ਰੂਰਤਮੰਦਾਂ ਨੂੰ ਡਾਕਟਰੀ ਦਾ ਖਰਚਾ ਦੇਣਾ, ਯੋਗਾ ਕਰਵਾਉਣ ਦੀਆਂ ਕਲਾਸਾਂ ਲਗਾਉਣ ਤੋਂ ਇਲਾਵਾ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਹਰ ਧਰਮ, ਹਰ ਵਰਗ ਦੀ ਸਹਾਇਤਾ ਕੀਤੀ ਜਾਂਦੀ ਹੈ।

ਦੁਰਗਾ ਮਾਤਾ ਦੀ ਵਿਸ਼ਾਲ ਮੂਰਤੀ ਦੇ ਨਾਲ ਇਕ ਵਿਸ਼ਾਲ ਸ਼ਿਵਲਿੰਗ ਵੀ ਮੌਜੂਦ ਕੀਤਾ ਗਿਆ ਹੈ। ਜਿਸ ਦੇ ਨਾਲ ਤਕਰੀਬਨ 20 ਤੋਂ ਵੱਧ ਪੱਥਰ ਦੀਆਂ ਭਗਵਾਨ ਦੀਆਂ ਮੂਰਤੀ ਇਸ ਮੰਦਿਰ ਵਿਚ ਮੌਜੂਦ ਹਨ। ਮੰਦਿਰ ਦੇ ਇਕ ਪ੍ਰਬੰਦਕ ਮੈਂਬਰ ਵਿਵੇਕ ਸ਼ਰਮਾ ਨੇ ਦੱਸਿਆ ਕਿ ਅਸਟਰੇਲੀਆ ਸਰਕਾਰ ਦੇ ਕਈ ਵਿਸ਼ੇਸ਼ ਸਰਕਾਰੀ ਤੇ ਸਿਆਸੀ ਅਧਿਕਾਰੀ ਤੇ ਲੀਡਰ ਇਸ ਮੰਦਿਰ ਵਿਚ ਸਿਰ ਝੁਕਾ ਕੇ ਭਾਰਤ ਦੀ ਧਾਰਮਿਕ ਮਰਯਾਦਾ ਤੇ ਸੰਸਕ੍ਰਿਤੀ ਦੇ ਪ੍ਰਬੰਧਾਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ। ਮੰਦਿਰ ਦੇ ਪ੍ਰਧਾਨ ਕੁਲਵੰਤ ਰਾਏ ਜੋਸ਼ੀ ਦੇ ਮੁਤਾਬਿਕ ਮੰਦਿਰ ਦੇ ਖਰਚ ਨੂੰ ਚਲਾਉਣ ਲਈ ਕਦੇ ਵੀ ਧਨ ਦੀ ਕਮੀ ਮਹਿਸੂਸ ਨਹੀਂ ਹੁੰਦੀ ਜਦਕਿ ਸਾਰੇ ਕਾਰਜ ਯੋਜਨਾਬਧ ਤਰੀਕੇ ਨਾਲ ਕੀਤੇ ਜਾ ਰਹੇ ਹਨ। ਇਸ ਮੰਦਿਰ ਵਿਚ ਵਿਸ਼ੇਸ਼ ਧਾਰਮਿਕ ਤਿਉਹਾਰਾਂ ਤੋਂ ਇਲਾਵਾ ਨਰਾਤਿਆਂ ਵਿਚ ਮਾਤਾ ਦੁਰਗਾ ਦੀਆਂ ਭੇਟਾਂ ਗਾਉਣ ਵਾਲੇ ਨਾਮੀ ਗਾਈਕ ਨਰਿੰਦਰ ਚੰਚਲ, ਲਖਵਿੰਦਰ ਸਿੰਘ ਲੱਖਾ, ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੂੰ ਨਿਹਾਲ ਕਰਨ ਲਈ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ ਆਉਂਦੇ ਹਨ। ਇਸ ਮੰਦਿਰ ਦੇ ਪੁਜਾਰੀ ਮਥਰਾ ਵਾਸੀ ਜੋ ਕਈ ਸਾਲਾਂ ਤੋਂ ਇਸ ਮੰਦਿਰ ਦੇ ਸੇਵਾ ਕਰਦੇ ਹਨ। ਉਹ ਕੁਝ ਵੀ ਫਰਕ ਮਹਿਸੂਸ ਨਹੀਂ ਕਰਦੇ। ਇਹ ਮਸਾਲ ਹੈ ਕਿ ਇਹ ਸਭ ਤੋਂ ਵੱਡਾ ਦੁਰਗਾ ਮਾਤਾ ਦਾ ਮੰਦਿਰ ਬਾਕੀ ਮੁਲਕਾਂ ਦੇ ਮੁਕਾਬਲੇ ਅਸਟਰੇਲੀਆ ਦੇ ਮੈਬੌਰਨ ਸ਼ਹਿਰ ਵਿਚ ਹੀ ਮੌਜੂਦ ਹੈ।


Related News