ਆਸਟ੍ਰੇਲੀਆਈ ਅਦਾਲਤ ਵੱਲੋਂ ਬਾਲ ਯੌਨ ਸ਼ੋਸ਼ਣ ਮਾਮਲੇ ''ਚ ਕਾਰਡੀਨਲ ਨੂੰ ਵੱਡੀ ਰਾਹਤ
Tuesday, Apr 07, 2020 - 10:46 AM (IST)
ਸਿਡਨੀ (ਭਾਸ਼ਾ): ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਬਾਲ ਯੌਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਸਭ ਤੋਂ ਸੀਨੀਅਰ ਕਾਰਡੀਨਲ ਦੀਆਂ ਸਜ਼ਾਵਾਂ ਨੂੰ ਰੱਦ ਕਰ ਕੇ ਉਹਨਾਂ ਨੂੰ ਦੋਸ਼ਮੁਕਤ ਕਰ ਦਿੱਤਾ ਹੈ। ਹਾਈ ਕੋਰਟ ਦੇ ਚੀਫ ਜਸਟਿਸ ਸੁਸਾਨ ਕੀਫਲ ਨੇ ਕਾਰਡੀਨਲ ਜੌਰਜ ਪੇਲ ਦੀ ਪਟੀਸ਼ਨ 'ਤੇ ਮੰਗਲਵਾਰ ਨੂੰ 7 ਜੱਜਾਂ ਦੇ ਫੈਸਲੇ ਦਾ ਐਲਾਨ ਕੀਤਾ। ਇਸ ਫੈਸਲੇ ਦਾ ਅਰਥ ਹੈ ਕਿ ਉਹ 13 ਮਹੀਨੇ ਦੀ ਸਜ਼ਾ ਕੱਟਣ ਦੇ ਬਾਅਦ ਬਾਰਵਨ ਜੇਲ ਤੋਂ ਰਿਹਾਅ ਕਰ ਦਿੱਤੇ ਜਾਣਗੇ। ਉਹਨਾਂ ਨੂੰ ਇਸ ਮਾਮਲੇ ਵਿਚ 6 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਪੋਪ ਫ੍ਰਾਂਸਿਸ ਦੇ ਸਾਬਕਾ ਵਿੱਤ ਮੰਤਰੀ ਨੂੰ 2018 ਵਿਚ ਵਿਕਟੋਰੀਆ ਰਾਜ ਦੀ ਜੂਰੀ ਨੇ ਦਸੰਬਰ 1996 ਵਿਚ ਮੈਲਬੌਰਨ ਦੇ ਸੈਂਟ ਪੈਟ੍ਰੀਕਸ ਕੈਥੇਡ੍ਰਲ ਵਿਚ ਗਾਇਕਮੰਡਲੀ ਦੇ 13 ਸਾਲ ਦੇ 2 ਮੁੰਡਿਆਂ ਦੇ ਯੌਨ ਸ਼ੋਸ਼ਣ ਦਾ ਦੋਸ਼ੀ ਪਾਇਆ ਸੀ। ਪੇਲ ਨੂੰ ਪੈਰੇਲ ਦਾ ਪਾਤਰ ਹੋਣ ਤੋਂ ਪਹਿਲਾਂ ਜੇਲ ਵਿਚ 3 ਸਾਲ 8 ਮਹੀਨੇ ਦੀ ਸਜ਼ਾ ਕਟਣ ਦਾ ਆਦੇਸ਼ ਦਿੱਤਾ ਗਿਆ ਸੀ। ਹਾਈ ਕੋਰਟ ਨੇ ਪਾਇਆ ਕਿ ਵਿਕਟੋਰੀਆ ਦੀ ਅਪੀਲੀ ਅਦਾਲਤ ਆਪਣੇ 2-1 ਬਹੁਮਤ ਵਾਲੇ ਫੈਸਲੇ ਵਿਚ ਗਲਤ ਸੀ। ਵਿਕਟੋਰੀਆ ਦੀ ਅਪੀਲੀ ਅਦਾਲਤ ਨੇ ਜੂਰੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਰੋਨਾ ਨਾਲ ਭਾਰਤੀ ਡਾਕਟਰ ਜਤਿੰਦਰ ਕੁਮਾਰ ਰਾਠੌੜ ਦੀ ਮੌਤ
ਪੇਲ ਨੂੰ ਵੈਟੀਕਨ ਦਾ ਤੀਜਾ ਉੱਚ ਰੈਂਕਿੰਗ ਅਧਿਕਾਰੀ ਮੰਨਿਆ ਜਾਂਦਾ ਹੈ। ਉਹ ਸਾਲਾਂ ਪਹਿਲਾਂ ਆਪਣੇ 'ਤੇ ਲੱਗੇ ਬਾਲ ਯੌਨ ਸ਼ੋਸ਼ਣ ਦੇ ਕਈ ਦੋਸ਼ਾਂ ਨੂੰ ਗਲਤ ਸਾਬਤ ਕਰਨ ਦੇ ਸੰਕਲਪ ਦੇ ਨਾਲ ਖੁਦ ਆਪਣੀ ਇੱਛਾ ਨਾਲ ਜੁਲਾਈ 2017 ਵਿਚ ਮੈਲਬੌਰਨ ਪਰਤ ਆਏ ਸਨ। ਪਿਛਲੇ ਕੁਝ ਸਮੇਂ ਵਿਚ ਇਸ ਮਾਮਲੇ ਵਿਚ ਹੋਈਆਂ ਮੁੱਢਲੀਆਂ ਸੁਣਵਾਈਆਂ ਵਿਚ ਸਾਰੇ ਦੋਸ਼ ਜਾਂ ਤਾਂ ਸਰਕਾਰੀ ਵਕੀਲਾਂ ਨੇ ਵਾਪਸ ਲੈ ਲਏ ਸਨ ਜਾਂ ਅਦਾਲਤਾਂ ਨੇ ਖਾਰਿਜ ਕਰ ਦਿੱਤੇ ਸਨ ਪਰ ਕੈਥੇਡ੍ਰਲ ਦੇ ਦੋਸ਼ਾਂ 'ਤੇ ਸੁਣਵਾਈ ਜਾਰੀ ਸੀ।ਪੇਲ ਨੂੰ ਸਜ਼ਾ ਗਾਇਕਮੰਡਲੀ ਦੇ ਇਕ ਮੁੰਡੇ ਦੀ ਗਵਾਹੀ 'ਤੇ ਹੋਈ ਸੀ ਜਿਸ ਦੀ ਉਮਰ ਹੁਣ 30 ਦੇ ਕਰੀਬ ਹੈ ਜਦਕਿ ਦੋਸ਼ ਲਗਾਉਣ ਵਾਲੇ ਦੂਜੇ ਮੁੰਡੇ ਦੀ ਹੈਰੋਇਨ ਦੀ ਜ਼ਿਆਦਾ ਮਾਤਰਾ ਲੈਣ ਨਾਲ 31 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।ਕਾਰਡੀਨਲ ਪੇਲ ਨੇ ਕਿਹਾ ਕਿ ਉਹਨਾਂ ਨੂੰ ਬਰੀ ਕੀਤਾ ਜਾਣਾ ਉਹਨਾਂ ਨਾਲ ਹੋਏ ਗੰਭੀਰ ਅਨਿਆਂ ਦਾ ਮੁਆਵਜ਼ਾ ਹੈ ਪਰ ਉਹਨਾਂ ਦੇ ਮਨ ਵਿਚ ਦੋਸ਼ ਲਗਾਉਣ ਵਾਲੇ ਦੇ ਵਿਰੁੱਧ ਦੁਸ਼ਮਣੀ ਦੀ ਕੋਈ ਭਾਵਨਾ ਨਹੀਂ ਹੈ।