ਫੇਸਬੁੱਕ ਦੀ ਆਸਟ੍ਰੇਲੀਆ ''ਚ ਕਾਰਵਾਈ ''ਤੇ ਸਿਆਸਤਦਾਨਾਂ ਸਣੇ ਕਈ ਲੋਕਾਂ ਨੇ ਜਤਾਇਆ ਇਤਰਾਜ਼

Thursday, Feb 18, 2021 - 06:02 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅਤੇ ਸਰਕਾਰ ਵਿਚ ਗਤੀਰੋਧ ਵੱਧ ਗਿਆ ਹੈ। ਵੀਰਵਾਰ ਨੂੰ ਫੇਸਬੁੱਕ ਨੇ ਨਵੇਂ ਕਾਨੂੰਨ ਦੇ ਵਿਰੋਧ ਵਿਚ ਆਪਣੇ ਪਲੇਟਫਾਰਮ 'ਤੇ ਆਸਟ੍ਰੇਲੀਆ ਦੀ ਨਿਊਜ਼ ਦਿਖਾਉਣ ਅਤੇ ਸ਼ੇਅਰ ਕਰਨ 'ਤੇ ਪਾਬੰਦੀ ਲਗਾ ਦਿੱਤੀ, ਜਿਸ ਕਾਰਨ ਕਈ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਅਸਲ ਵਿਚ ਫੇਸਬੁੱਕ ਆਸਟ੍ਰੇਲੀਆ ਦੀ ਨਿਊਜ਼ ਦਿਖਾਉਣ ਲਈ ਪੈਸਾ ਦੇਣ ਦੇ ਨਵੇਂ ਕਾਨੂੰਨ ਦਾ ਵਿਰੋਧ ਕਰ ਰਿਹਾ ਹੈ। ਇਸ ਦੇ ਤਹਿਤ ਅੱਜ ਸਵੇਰੇ ਆਸਟ੍ਰੇਲੀਆ ਦੇ ਸਾਰੇ ਮੀਡੀਆ ਸੰਗਠਨਾਂ ਦੇ ਫੇਸਬੁੱਕ ਪੇਜ ਨੂੰ ਬਲਾਕ ਕਰ ਦਿੱਤਾ ਗਿਆ। ਇਸ ਮਗਰੋਂ ਮੌਸਮ, ਰਾਜ ਸਿਹਤ ਵਿਭਾਗ ਸਮੇਤ ਕਈ ਖੇਤਰ ਪ੍ਰਭਾਵਿਤ ਹੋਏ।ਫੇਸਬੁੱਕ ਦੇ ਇਸ ਕਦਮ ਦੀ ਚਾਰੇ ਪਾਸੇ ਤਿੱਖੀ ਆਲੋਚਨਾ ਵੀ ਹੋ ਰਹੀ ਹੈ। ਲਗਾਤਾਰ ਅਕਾਦਮਿਕ, ਰਾਜਨੇਤਾ ਅਤੇ ਕਈ ਐੱਨ.ਜੀ.ਓ. ਵੱਲੋਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜੋਸ਼ ਫ੍ਰਾਇਡੇਨਬਗ ਨੇ ਕਾਨਫਰੰਸ ਕਰਦਿਆਂ ਕਿਹਾ ਕਿ ਫੇਸਬੁੱਕ ਵੱਲੋਂ ਲਿਆ ਗਿਆ ਫ਼ੈਸਲਾ ਕਾਫੀ ਗਲਤ ਹੈ। ਅਜਿਹਾ ਕਰਨ ਨਾਲ ਆਸਟ੍ਰੇਲੀਆ ਵਿਚ ਫੇਸਬੁੱਕ ਦੀ ਸਾਖ ਨੂੰ ਨੁਕਸਾਨ ਪਹੁੰਚ ਸਕਦਾ ਹੈ। ਉੱਥੇ ਸੇਵ ਦੀ ਚਿਲਡਰਨ ਆਸਟ੍ਰੇਲੀਆ ਦੇ ਸੀ.ਈ.ਓ. ਪਾਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਫੇਸਬੁਕ ਦੇ ਮਾਧਿਅਮ ਨਾਲ ਉਹਨਾਂ ਦਾ ਸੰਗਠਨ ਬੱਚਿਆਂ ਦੀ ਮਦਦ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਦਾ ਸੀ। ਨਾਲ ਹੀ ਬੱਚਿਆਂ ਦੀ ਮਦਦ ਲਈ ਧਨ ਜੁਟਾਉਣ ਲਈ ਇਸ ਮਾਧਿਅਮ ਦੀ ਵਰਤੋਂ ਕਰਦਾ ਸੀ। ਫੇਸਬੁੱਕ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਫਸਟ ਨੇਸ਼ਨ ਮੀਡੀਆ ਆਸਟ੍ਰੇਲੀਆ ਚੇਅਰ ਡਾਟ ਵੈਸਟ ਨੇ ਆਪਣੇ ਤਾਜ਼ਾ ਬਿਆਨ ਵਿਚ ਦੱਸਿਆ ਕਿ ਫੇਸਬੁੱਕ ਸਵਦੇਸ਼ੀ ਭਾਈਚਾਰਕ ਪ੍ਰਸਾਰਕਾਂ ਲਈ ਵਿਸ਼ੇਸ਼ ਮਹੱਤਵਪੂਰਨ ਹੈ। ਅਜਿਹੇ ਵਿਚ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- 'ਟਾਈਮ' ਪੱਤਰਿਕਾ ਦੀ 2021 ਦੀ ਸੂਚੀ 'ਚ ਭਾਰਤੀ ਮੂਲ ਦੀਆਂ 5 ਸ਼ਖਸੀਅਤਾਂ ਅਤੇ ਕਾਰਕੁਨ ਸ਼ਾਮਲ

ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਇਹ ਕਦਮ ਇਕ ਪ੍ਰਭੂਸੱਤਾ ਰਾਸ਼ਟਰ ਅਤੇ ਲੋਕਾਂ ਦੀ ਆਜ਼ਾਦੀ 'ਤੇ ਹਮਲਾ ਹੈ। ਫੇਸਬੁੱਕ ਨੇ ਅਜਿਹੇ ਕਈ ਕਦਮ ਚੁੱਕੇ ਹਨ ਜੋ ਲੋਕਤੰਤਰ ਵਿਚ ਅਵਿਸ਼ਵਾਸੀ ਅਤੇ ਨਿੰਦਾਯੋਗ ਹਨ, ਇਕ ਤਰ੍ਹਾਂ ਨਾਲ ਇਹ ਅਸਵੀਕਾਰਯੋਗ ਹਨ ਅਤੇ ਸ਼ਕਤੀ ਦੀ ਦੁਰਵਰਤੋਂ ਹੈ। ਜੋਸ਼ ਫ੍ਰਾਇਡੇਨਬਰਗ ਇਸ ਮਾਮਲੇ ਸੰਬੰਧੀ ਫੇਸਬੁੱਕ ਨਾਲ ਗੱਲਬਾਤ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਫੇਸਬੁੱਕ ਨੇ ਗਲਤ ਕੀਤਾ ਹੈ ਅਜਿਹੇ ਕੰਮ ਜ਼ਰੂਰੀ ਨਹੀਂ ਸਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਫੇਸਬੁੱਕ ਦੇ ਇਸ ਕਦਮ ਨੂੰ ਨਿਰਾਸ਼ਾਜਨਕ ਦੱਸਿਆ ਹੈ।

ਇੱਥੇ ਦੱਸ ਦਈਏ ਕਿ ਸਮਾਚਾਰ ਮਾਲਕਾਂ ਅਤੇ ਸਾਂਸਦਾਂ ਵੱਲੋਂ ਫੇਸਬੁੱਕ ਦੇ ਇਸ ਕਦਮ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਅਤੇ ਆਸਟ੍ਰੇਲੀਆ ਵਿਚ ਗਰਮੀ ਦੇ ਮੌਸਮ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਅਧਿਕਾਰਤ ਸਿਹਤ ਅਤੇ ਮੌਸਮ ਵਿਭਾਗ ਦੇ ਸਫਿਆਂ ਨੂੰ ਵੀ ਹਟਾ ਦਿੱਤਾ ਗਿਆ ਹੈ।ਇਸ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Vandana

Content Editor

Related News