ਆਸਟ੍ਰੇਲੀਆ ''ਚ ਨਹੀਂ ਰੁਕੇਗਾ ਅਡਾਨੀ ਪ੍ਰਾਜੈਕਟ, ਗ੍ਰੇਟਾ ਦੀ ਮੰਗ ਹੋਈ ਖਾਰਿਜ

01/14/2020 10:39:42 AM

ਕੈਨਬਰਾ (ਬਿਊਰੋ): ਆਸਟ੍ਰੇਲੀਆ ਵਿਚ ਅਡਾਨੀ ਪ੍ਰਾਜੈਕਟ ਦੇ ਕੰਮ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਮਿਲ ਗਈ ਹੈ। ਇਸ ਪ੍ਰਾਜੈਕਟ ਨੂੰ ਜਰਮਨੀ ਦੀ ਕੰਪਨੀ ਸੀਮੰਸ ਅਤੇ ਅਡਾਨੀ ਪਾਵਰ ਨੇ ਮਿਲ ਕੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਲਾਂਚ ਕੀਤਾ ਸੀ। ਸਵੀਡਨ ਦੀ 17 ਸਾਲ ਦੀ ਜਲਵਾਯੂ ਕਾਰਕੁੰਨ ਗ੍ਰੇਟਾ ਥਨਬਰਗ ਨੇ ਆਸਟ੍ਰੇਲੀਆ ਵਿਚ ਅਡਾਨੀ ਗਰੁੱਪ ਦੇ 16.5 ਬਿਲੀਅਨ ਡਾਲਰ ਵਾਲੇ ਇਕ ਕੋਲਾ ਮਾਈਨਿੰਗ ਪ੍ਰਾਜੈਕਟ ਦੇ ਵਿਰੋਧ ਵਿਚ ਮੋਰਚਾ ਖੋਲ੍ਹਿਆ ਸੀ।  ਗ੍ਰੇਟਾ ਨੇ ਕਿਹਾ ਸੀ ਕਿ ਇਸ ਪ੍ਰਾਜੈਕਟ ਨਾਲ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਜਾਵੇਗਾ ਅਤੇ ਨਾਲ ਹੀ ਗ੍ਰੇਟ ਬੈਰੀਅਰ ਰੀਫ ਨੂੰ ਵੀ ਕਾਫੀ ਨੁਕਸਾਨ ਪਹੁੰਚੇਗਾ। ਗ੍ਰੇਟਾ ਦੀ ਇਸ ਮੰਗ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ।

ਜਾਣੋ ਅਡਾਨੀ ਪ੍ਰਾਜੈਕਟ ਦੇ ਬਾਰੇ ਵਿਚ
ਅਡਾਨੀ ਦਾ ਇਹ ਪ੍ਰਾਜੈਕਟ ਕੁਈਨਜ਼ਲੈਂਡ ਦੇ ਗਲਿਲੇ ਬੇਸਿਨ ਵਿਚ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਮੁਤਾਬਕ ਇਸ ਪ੍ਰਾਜੈਕਟ ਦੇ ਤਹਿਤ ਕੋਲੇ ਨੂੰ ਆਯਾਤ ਕਰ ਕੇ ਭਾਰਤ ਵਿਚ ਸਾੜਿਆ ਜਾਵੇਗਾ। ਗ੍ਰੇਟਾ ਦੇ ਨਾਲ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਅਡਾਨੀ ਦਾ ਪ੍ਰਾਜੈਕਟ ਵਾਤਵਾਰਨ ਲਈ ਵੱਡਾ ਖਤਰਾ ਹੈ। ਗ੍ਰੇਟਾ ਨੇ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਨੂੰ ਅਸਿੱਧੇ ਤੌਰ 'ਤੇ ਹਾਲ ਹੀ ਵਿਚ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਲਈ ਜ਼ਿੰਮੇਵਾਰ ਠਹਿਰਾਇਆ। ਗ੍ਰੇਟਾ ਨੇ ਕਿਹਾ ਸੀ ਕਿ ਅਡਾਨੀ ਦੇ ਪ੍ਰਾਜੈਕਟ ਵਾਤਾਵਰਨ ਲਈ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਗ੍ਰੇਟਾ ਦਾ ਮੰਨਣਾ ਹੈਕਿ ਇਹਨਾਂ ਕੋਲੇ ਦੀਆਂ ਖਾਨਾਂ ਨਾਲ ਵਾਤਾਵਰਨ ਨੂੰ ਗੰਭੀਰ ਰੂਪ ਨਾਲ ਹਾਨੀ ਹੋ ਰਹੀ ਹੈ।

ਗ੍ਰੇਟਾ ਨੇ ਟਵਿੱਟਰ 'ਤੇ ਕੀਤੀ ਅਪੀਲ
ਗ੍ਰੇਟਾ ਨੇ ਟਵਿੱਟਰ 'ਤੇ ਗੌਤਮ ਅਡਾਨੀ ਦੀ ਪਾਰਟਨਰ ਜਰਮਨ ਕੰਪਨੀ ਸੀਮੰਸ  ਨੂੰ ਇਸ ਪ੍ਰਾਜੈਕਟ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਹੈਸ਼ਟੈਗ #StopAdani ਦੇ ਨਾਲ ਗ੍ਰੇਟਾ ਨੇ ਟਵੀਟ ਕਰ ਕੇ ਆਸਟ੍ਰੇਲੀਆਈ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਆਕਰਸ਼ਿਤ ਕੀਤਾ। ਦੂਜੇ ਪਾਸੇ ਸੀਮੰਸ ਏ.ਜੀ. ਨੇ ਸਾਫ ਕਰ ਦਿੱਤਾ ਹੈ ਕਿ ਉਹ ਆਸਟ੍ਰੇਲੀਆ ਕੋਲਾ ਮਾਈਨ ਪ੍ਰਾਜੈਕਟ ਲਈ ਅਡਾਨੀ ਨੂੰ ਕੋਲੇ ਦੀ ਸਪਲਾਈ ਜਾਰੀ ਰੱਖੇਗੀ। ਜਰਮਨੀ ਵਿਚ ਸ਼ੁੱਕਰਵਾਰ ਨੂੰ ਕੰਪਨੀ ਦੇ ਵਿਰੋਧ ਵਿਚ ਕਈ ਜਗ੍ਹਾ ਪ੍ਰਦਰਸ਼ਨ ਵੀ ਹੋਏ ਸਨ।

 

ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਉਹ ਇਕ ਕਮੇਟੀ ਬਣਾਏਗੀ। ਇਸ ਕਮੇਟੀ ਕੋਲ ਇਹ ਤਾਕਤ ਹੋਵੇਗੀ ਕਿ ਉਹ ਕਿਸੇ ਪ੍ਰਾਜੈਕਟ ਨੂੰ ਰੋਕ ਸਕੇ ਜਾਂ ਫਿਰ ਉਸ ਨੂੰ ਅੱਗੇ ਵਧਣ ਦੀ ਮਨਜ਼ੂਰੀ ਦੇਵੇ ਪਰ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਹੁਣ ਅਡਾਨੀ ਪ੍ਰਾਜੈਕਟ ਨਾਲ ਅੱਗੇ ਵਧੇਗੀ। ਕੰਪਨੀ ਦੇ ਸੀ.ਈ.ਓ. ਜੋ ਕਾਸੇਰ ਨੇ ਐਤਵਾਰ ਨੂੰ ਇਕ ਬਿਆਨ ਵਿਚ ਇਹ ਗੱਲ ਕਹੀ। ਉਹਨਾਂ ਨੇ ਕਿਹਾ,''ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਹਾਡੇ ਵਿਚੋਂ ਕਈ ਲੋਕ ਮੇਰੇ ਤੋਂ ਆਸ ਲਗਾਏ ਗਏ ਹੋਏ ਹਨ। ਮੈਨੂੰ ਇਸ ਮਾਮਲੇ ਦੇ ਨਾਲ ਪੂਰੀ ਹਮਦਰਦੀ ਹੈ ਪਰ ਮੈਂ ਵੱਖ-ਵੱਖ ਸਟਾਕਹੋਲਡਰਸ ਦੇ ਹਿੱਤਾਂ ਦਾ ਵੀ ਧਿਆਨ ਰੱਖਣਾ ਹੈ।''

ਉੱਧਰ ਅਡਾਨੀ ਗਰੁੱਪ ਵੱਲੋਂ ਵੀ ਸਾਫ ਕਰ ਦਿੱਤਾ ਗਿਆ ਹੈਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਅਸਰ ਆਸਟ੍ਰੇਲੀਆ ਵਿਚ ਜਾਰੀ ਇਸ ਪ੍ਰਾਜੈਕਟ 'ਤੇ ਨਹੀਂ ਪੈਣ ਦੇਵੇਗਾ। ਅਡਾਨੀ ਗਰੁੱਪ ਵੱਲੋਂ ਸਾਲ 2010 ਵਿਚ ਪਹਿਲੀ ਵਾਰ ਇਸ ਪ੍ਰਾਜੈਕਟ ਦਾ ਪ੍ਰਸਤਾਵ ਦਿੱਤਾ ਗਿਆ ਸੀ। ਅਡਾਨੀ ਗਰੁੱਪ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ,''ਕਾਰਮਾਈਕਲ ਪ੍ਰਾਜੈਕਟ ਦਾ ਨਿਰਮਾਣ ਅਤੇ ਇਸ 'ਤੇ ਕੰਮ ਜਾਰੀ ਹੈ। ਅਸੀਂ ਪਹਿਲਾਂ ਵੀ ਇਸ ਗੱਲ ਨੂੰ ਸਾਫ ਕਰ ਚੁੱਕੇ ਹਾਂ ਕਿ ਕੋਈ ਵੀ ਵਿਰੋਧ ਪ੍ਰਦਰਸ਼ਨ ਸਾਨੂੰ ਸਾਡੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਦਾ।'' 


Vandana

Content Editor

Related News