ਆਸਟ੍ਰੇਲੀਆ : ਪਿੰਕੀ ਸਿੰਘ ਦੀ ਪ੍ਰਵਾਸ ਤੇ ਨਾਗਰਿਕਤਾ ਕਮੇਟੀ ਦੀ ਚੇਅਰਪਰਸਨ ਤੌਰ ''ਤੇ ਹੋਈ ਚੋਣ

Wednesday, Jul 28, 2021 - 01:55 PM (IST)

ਆਸਟ੍ਰੇਲੀਆ : ਪਿੰਕੀ ਸਿੰਘ ਦੀ ਪ੍ਰਵਾਸ ਤੇ ਨਾਗਰਿਕਤਾ ਕਮੇਟੀ ਦੀ ਚੇਅਰਪਰਸਨ ਤੌਰ ''ਤੇ ਹੋਈ ਚੋਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਦੇਸ਼ ਦੀ ਸੰਘੀ ਸਰਕਾਰ ਦੀ ਸੱਤਾਧਾਰੀ ਲਿਬਰਲ-ਨੈਸ਼ਨਲ ਪਾਰਟੀ ਵਲੋਂ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਲੰਬੇ ਸਮੇਂ ਤੋਂ ਸਮਾਜ ਸੇਵੀ ਤੇ ਸਿਆਸੀ ਆਗੂ ਵਜੋਂ ਸਰਗਰਮ ਭਾਰਤੀ ਪੰਜਾਬੀ ਚਿਹਰਾ ਪਿੰਕੀ ਸਿੰਘ ਨੂੰ ਪਾਰਟੀ ਦੀ ਅਹਿਮ ਸੂਬਾ ਪੱਧਰੀ ਪ੍ਰਵਾਸ ਤੇ ਨਾਗਰਿਕਤਾ ਕਮੇਟੀ ਕੁਈਨਜਲੈਂਡ ਦੇ ਚੇਅਰਪਰਸਨ ਵਜੋਂ ਨਾਮਜਦ ਕੀਤੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ।ਇਥੇ ਜ਼ਿਕਰਯੋਗ ਹੈ ਕਿ ਪਿੰਕੀ ਸਿੰਘ ਨੂੰ ਲਿਬਰਲ-ਨੈਸ਼ਨਲ ਪਾਰਟੀ ਨੇ ਬੀਤੇ ਵਰ੍ਹੇ ਸੂਬਾਈ ਪਾਰਲੀਮੈਂਟ ਚੋਣਾਂ 'ਚ ‘ਮੈਕ ਕੌਨਲ’ ਹਲਕੇ ਤੋਂ ਪਾਰਟੀ ਦੀ ਟਿਕਟ ਦੇ ਕੇ ਨਿਵਾਜ਼ਿਆ ਸੀ। 

ਪਿੰਕੀ ਸਿੰਘ ਲੰਬੇ ਸਮੇਂ ਤੋਂ ਆਪਣੇ ਪੰਜਾਬੀ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਸਮਾਜ ਸੇਵੀ ਅਤੇ ਸਿਆਸੀ ਕਾਰਜਾਂ ਲਈ ਸਰਗਰਮ ਆਗੂ ਵਜੋਂ ਸੇਵਾ ਨਿਭਾ ਰਹੇ ਹਨ।ਵਿਦੇਸ਼ੀ ਧਰਤ ‘ਤੇ ਬੀਬੀਆਂ ਦੇ ਹੱਕਾਂ ਅਤੇ ਸਮਾਜ ਭਲਾਈ ਲਈ ਨਿਰੰਤਰ ਕਾਰਜਸ਼ੀਲ ਸੰਸਥਾ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਵਜੋਂ ਉਨ੍ਹਾਂ ਵਲੋਂ ਘਰੇਲੂ ਹਿੰਸਾਂ ਤੋਂ ਪੀੜਤ ਬੀਬੀਆਂ, ਕੋਵਿਡ-19 ਦੇ ਭਿਆਨਕ ਸਮੇਂ ਵਿੱਚ ਵੀ ਵਿਦਿਆਰਥੀਆਂ ਅਤੇ ਹੋਰ ਲੋੜਵੰਦਾਂ ਦੀ ਨਿਰੰਤਰ ਮਦਦ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਮਰਹੂਮ ਮਨਮੀਤ ਅਲੀਸ਼ੇਰ ਦੇ ਕਤਲ ਕੇਸ ‘ਚ ਵੀ ਪਿੰਕੀ ਸਿੰਘ ਨੇ ਪੀੜਤ ਪਰਿਵਾਰ ਨਾਲ ਮਿਲਕੇ ਕੇ ਇਨਸਾਫ਼ ਲਈ ਅਵਾਜ਼ ਬੁਲੰਦ ਕੀਤੀ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਟਰੱਕ ਪਲਟਣ ਕਾਰਨ ਪੰਜਾਬੀ ਡਰਾਈਵਰ ਦੀ ਮੌਤ

ਪਿੰਕੀ ਸਿੰਘ ਦਾ ਪਿਛੋਕੜ ਪੰਜਾਬ ਦੇ ਪਿੰਡ ਹਿਰਦਾਪੁਰ ਜ਼ਿਲ੍ਹਾ ਰੂਪਨਗਰ (ਰੋਪੜ) ਪੰਜਾਬ ਤੋਂ ਹੈ। ਪਿੰਕੀ ਸਿੰਘ ਨੇ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਵਲੋਂ ਪ੍ਰਵਾਸੀਆਂ ਲਈ ਸੋਖੀ ਨਾਗਰਿਕਤਾ ਸਮੇਤ ਹੋਰ ਵੀ ਵਧੀਆ ਨੀਤੀਆਂ ਬਣਾਉਣ ਲਈ ਆਸਵੰਦ ਹੈ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਸਿਆਸੀ ਪਾਰਟੀਆਂ ਨਾਲ ਜੁੜਨ ਤਾ ਜੋ ਕੈਨੇਡਾ ਦੀ ਤਰ੍ਹਾਂ ਆਸਟ੍ਰੇਲੀਅਨ ਪਾਰਲੀਮੈਂਟ ਵਿੱਚ ਨੁਮਾਇੰਦਗੀ ਹਾਸਲ ਕਰ ਪ੍ਰਵਾਸੀਆਂ ਦੀ ਅਵਾਜ਼ ਬੁਲੰਦ ਕਰ ਕੇ ਆਸਟ੍ਰੇਲੀਆ ਦੀ ਤਰੱਕੀ ਵਿੱਚ ਵੱਧ ਤੋ ਵੱਧ ਯੋਗਦਾਨ ਪਾਇਆ ਜਾ ਸਕੇ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਸਮੁੱਚਾ ਭਾਈਚਾਰਾ ਵਧਾਈਆਂ ਦੇ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਰਕਾਰ ਨੇ 'ਵਰਕ ਪਰਮਿਟ' ਦੀ ਚੋਰ ਬਜ਼ਾਰੀ ਰੋਕਣ ਲਈ ਕਾਨੂੰਨ 'ਚ ਕੀਤੀ ਸੋਧ


author

Vandana

Content Editor

Related News