ਬੰਗਲਾਦੇਸ਼ ’ਚ ਹਿੰਦੂਆਂ ਦੇ ਮੰਦਰਾਂ ਤੇ ਦੁਕਾਨਾਂ ’ਤੇ ਮੁੜ ਹਮਲੇ, ਥਾਣਾ ਇੰਚਾਰਜ ਸਮੇਤ 40 ਜ਼ਖਮੀ

Monday, Oct 18, 2021 - 01:10 PM (IST)

ਢਾਕਾ (ਭਾਸ਼ਾ)– ਬੰਗਲਾਦੇਸ਼ ’ਚ ਪਿਛਲੇ ਕਈ ਦਿਨਾਂ ਤੋਂ ਜਾਰੀ ਫਿਰਕੂ ਹਿੰਸਾ ਦੀਆਂ ਤਾਜ਼ਾ ਘਟਨਾਵਾਂ ’ਚ ਇਕ ਹੋਰ ਹਿੰਦੂ ਮੰਦਰ ਦੀ ਤੋੜ-ਭੰਨ ਕੀਤੀ ਗਈ। ਇਸ ਤੋਂ ਪਹਿਲਾਂ ਕਈ ਮੰਦਰਾਂ ’ਚ ਤੋੜ-ਭੰਨ ਕੀਤੀ ਗਈ ਸੀ ਅਤੇ ਹਿੰਸਾ ਫੈਲਾਈ ਗਈ ਸੀ।

ਬੰਗਲਾਦੇਸ਼ ’ਚ ਵੱਖ-ਵੱਖ ਥਾਵਾਂ ਅਤੇ ਦੁਰਗਾ ਪੂਜਾ ਵਾਲੀਆਂ ਥਾਵਾਂ ’ਤੇ ਹਮਲੇ ਵਿਰੁੱਧ ਵਿਖਾਵਾ ਕਰ ਰਹੇ ਲੋਕਾਂ ’ਤੇ ਹਮਲਾ ਕੀਤੇ ਜਾਣ ਪਿੱਛੋਂ ਤਾਜ਼ਾ ਝੜਪਾਂ ਹੋਈਆਂ। ਕਈ ਮੰਦਰਾਂ ਅਤੇ ਦੁਕਾਨਾਂ ’ਚ ਸ਼ਨੀਵਾਰ ਤੋੜ-ਭੰਨ ਅਤੇ ਲੁੱਟ-ਮਾਰ ਕੀਤੀ ਗਈ। ਝੜਪਾਂ ਦੌਰਾਨ ਫੇਨੀ ਮਾਡਲ ਪੁਲਸ ਥਾਣੇ ਦੇ ਇੰਚਾਰਜ ਨਿਜ਼ਾਮੂਦੀਨ ਜ਼ਖਮੀ ਹੋਏ। ਇਹ ਝੜਪਾਂ ਸ਼ਾਮ ਸਾਢੇ 4 ਵਜੇ ਦੇ ਲਗਭਗ ਸ਼ੁਰੂ ਹੋਈਆਂ ਜੋ ਅੱਧੀ ਰਾਤ ਤਕ ਜਾਰੀ ਰਹੀਆਂ। ਹਿੰਦੂਆਂ ਦੇ ਕਈ ਵਪਾਰਕ ਅਦਾਰਿਆਂ ’ਚ ਵੀ ਤੋੜ-ਭੰਨ ਕੀਤੀ ਗਈ। ਕਈ ਥਾਈਂ ਲੁੱਟ-ਮਾਰ ਵੀ ਹੋਈ। ਵੱਖ–ਵੱਖ ਮੰਦਰਾਂ ਅਤੇ ਹਿੰਦੂਆਂ ਨਾਲ ਸਬੰਧਤ ਵਪਾਰਕ ਅਦਾਰਿਆਂ ’ਚ ਪੁਲਸ ਅਤੇ ਨੀਮ ਸੁਰੱਖਿਆ ਫੋਰਸਾਂ ਦੇ ਜਵਾਨ ਤਾਇਨਾਤ ਕੀਤੇ ਗਏ।

ਹਿੰਸਾ ਵਿਰੁੱਧ 23 ਤੋਂ ਭੁੱਖ ਹੜਤਾਲ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ
ਬੰਗਲਾਦੇਸ਼ ਦੇ ਦੱਖਣੀ ਪੂਰਬੀ ਸ਼ਹਿਰ ਚਟਗਾਂਵ ਵਿਖੇ ਬੰਗਲਾਦੇਸ਼ ਹਿੰਦੂ ਬੋਧਿਸਟ ਕ੍ਰਿਸ਼ਚੀਅਨ ਯੂਨਿਟੀ ਕੌਂਸਲ ਨੇ ਦੁਰਗਾ ਪੂਜਾ ਸਮਾਰੋਹ ਦੌਰਾਨ ਹੋਏ ਹਮਲਿਆਂ ਦੀ ਨਿਖੇਧੀ ਕੀਤੀ। ਕੌਂਸਲ ਦੇ ਇਕ ਬੁਲਾਰੇ ਨੇ ਕਿਹਾ ਕਿ ਢਾਕਾ ਦੇ ਸ਼ਾਹਬਾਦ ਅਤੇ ਚਟਗਾਂਵ ਦੇ ਅੰਦਰਾਕਿਲਾ ਵਿਖੇ ਵਿਰੋਧ ਵਿਖਾਵਾ ਕੀਤਾ ਜਾਏਗਾ। ਕੌਂਸਲ ਦੇ ਮੁਖੀ ਮਿਲਨ ਨੇ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਵੱਡੀ ਮੁਹਿੰਮ ਚਲਾਈ ਜਾਏਗੀ। 23 ਅਕਤੂਬਰ ਤੋਂ ਭੁੱਖ ਹੜਤਾਲ ਰੱਖੀ ਜਾਏਗੀ। ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ।
 


Vandana

Content Editor

Related News