ਪਾਕਿ ਨੇ ਕੀਤੀ ਕਾਬੁਲ ਹਮਲੇ ਦੀ ਨਿੰਦਾ, ਕੀਤੀ ਸਹਿਯੋਗ ਦੀ ਅਪੀਲ
Sunday, Jan 21, 2018 - 04:38 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਕਾਬੁਲ ਦੇ ਇਕ ਲਗਜ਼ਰੀ ਹੋਟਲ ਵਿਚ ਭਿਆਨਕ ਹਮਲੇ ਦੀ ਐਤਵਾਰ ਨੂੰ ਨਿੰਦਾ ਕੀਤੀ ਅਤੇ ਦੇਸ਼ਾਂ ਵਿਚ ਵੱਧਦੇ ਅੱਤਵਾਦ ਨਾਲ ਨਜਿੱਠਣ ਅਤੇ ਇਸ ਦੇ ਖਾਤਮੇ ਲਈ ਸਹਿਯੋਗ ਦੀ ਅਪੀਲ ਕੀਤੀ। ਕੱਲ ਕਾਬੁਲ ਦੇ ਇੰਟਰਕੌਨਟੀਨੈਨਟਲ ਹੋਟਲ ਵਿਚ ਦਾਖਲ ਹੋ ਕੇ ਕੁਝ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ ਘੱਟ ਤੋਂ ਘੱਟ 5 ਲੋਕ ਮਾਰੇ ਗਏ। ਸੁਰੱਖਿਆ ਬਲਾਂ ਨੂੰ ਇਨ੍ਹਾਂ ਹਮਲਵਾਰਾਂ ਨਾਲ ਨਜਿੱਠਣ ਲਈ ਕਰੀਬ 12 ਘੰਟੇ ਦਾ ਸਮਾਂ ਲੱਗਾ। ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ,''ਪਾਕਿਸਤਾਨ ਬੀਤੀ ਸ਼ਾਮ ਕਾਬੁਲ ਦੇ ਹੋਟਲ ਵਿਚ ਹੋਏ ਬੇਰਹਿਮ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹੈ।'' ਬਿਆਨ ਵਿਚ ਅੱਗੇ ਕਿਹਾ ਗਿਆ ਹੈ,''ਸਾਡੇ ਵਿਚਾਰ ਨਾਲ ਅੱਤਵਾਦ ਦੇ ਵੱਧਦੇ ਖਤਰੇ ਤੋਂ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਦੇਸ਼ਾਂ ਵਿਚਕਾਰ ਸਹਿਯੋਗ ਮਹੱਤਵਪੂਰਣ ਹੈ।'' ਅਫਗਾਨਿਸਤਾਨ-ਪਾਕਿਸਤਾਨ 'ਤੇ ਉਨ੍ਹਾਂ ਅੱਤਵਾਦੀਆਂ ਨੂੰ ਸੁਰੱਖਿਅਤ ਸ਼ਰਨ ਦੇਣ ਦਾ ਦੋਸ਼ ਲਗਾਉਂਦਾ ਹੈ, ਜੋ ਅਫਗਾਨਿਸਤਾਨ ਵਿਚ ਅੱਤਵਾਦੀ ਹਮਲੇ ਕਰਦੇ ਰਹਿੰਦੇ ਹਨ।