ਕਿਸ਼ਤੀ ’ਚ ਸਵਾਰ ਹੋ ਕੇ ਯੂਰਪ ਜਾ ਰਹੇ 130 ਪ੍ਰਵਾਸੀਆਂ ਦੇ ਲੀਬੀਆ ਤੱਟ ਨੇੜੇ ਡੁੱਬਣ ਦਾ ਖ਼ਦਸ਼ਾ
Friday, Apr 23, 2021 - 05:43 PM (IST)
ਕਾਹਿਰਾ (ਭਾਸ਼ਾ) : ਲੀਬੀਆ ਦੇ ਤੱਟ ਨੇੜੇ ਭੂ-ਮੱਧ ਸਾਗਰ ਵਿਚ ਇਕ ਕਿਸ਼ਤੀ ਦੇ ਡੁੁੱਬ ਜਾਣ ਨਾਲ 100 ਤੋਂ ਜ਼ਿਆਦਾ ਪ੍ਰਵਾਸੀਆਂ ਦੀ ਮੌਤ ਹੋ ਜਾਣ ਦਾ ਸ਼ੱਕ ਹੈ ਜੋ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਗੈਰ-ਸਰਕਾਰੀ ਸੰਗਠਨ ਐਸ.ਓ.ਐਸ. ਮੈਡੀਟੇਰੇਨੀ ਨੇ ਵੀਰਵਾਰ ਨੂੰ ਦੇਰ ਰਾਤ ਕਿਹਾ ਕਿ ਰਬਰ ਦੀ ਕਿਸ਼ਤੀ ਦਾ ਮਲਬਾ ਸਮੁੰਦਰ ਵਿਚ ਮਿਲਿਆ ਗਿਆ ਹੈ। ਕਿਸ਼ਤੀ ਵਿਚ ਕਰੀਬ 130 ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਸੀ।
ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਸਹਾਇਤਾ ਕਿਸ਼ਤੀ ਨੂੰ ਕੋਈ ਵੀ ਜਿਊਂਦਾ ਵਿਅਕਤੀ ਨਹੀਂ ਮਿਲਿਆ। ਮਲਬੇ ਕੋਲ ਘੱਟ ਤੋਂ ਘੱਟ 10 ਲਾਸ਼ਾਂ ਮਿਲੀਆਂ ਹਨ। ਬਿਆਨ ਵਿਚ ਕਿਹਾ ਗਿਆ ਹੈ, ‘ਸਾਨੂੰ ਕਾਫ਼ੀ ਦੁੱਖ ਹੈ। ਅਸੀਂ ਉਨ੍ਹਾਂ ਪਰਿਵਾਰਾਂ ਦਾ ਦਰਦ ਸਮਝ ਸਕਦੇ ਹਾਂ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਹੈ।’
ਯੂਰਪੀ ਮਨੁੱਖਤਾਵਾਦੀ ਸੰਗਠਨ ਨੇ ਕਿਹਾ ਕਿ ਮੌਜੂਦ ਘਟਨਾ ਤੋਂ ਪਹਿਲੇ ਹੀ ਇਸ ਸਾਲ ਹੁਣ ਤੱਕ 350 ਤੋਂ ਜ਼ਿਆਦਾ ਲੋਕਾਂ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋ ਚੁੱਕੀ ਹੈ।