ਐਸਟ੍ਰਾਜ਼ੇਨੇਕਾ ਦਾ ਦਾਅਵਾ, ਕੋਵਿਡ-19 ਟੀਕਾ 76 ਫੀਸਦੀ ਤੱਕ ਪ੍ਰਭਾਵੀ
Thursday, Mar 25, 2021 - 11:16 AM (IST)
ਵਾਸ਼ਿੰਗਟਨ (ਭਾਸ਼ਾ): ਬ੍ਰਿਟੇਨ-ਸਵੀਡਿਸ਼ ਦਵਾਈ ਕੰਪਨੀ ਐਸਟ੍ਰਾਜ਼ੇਨੇਕਾ ਨੇ ਅਮਰੀਕੀ ਅਧਿਕਾਰੀਆਂ ਤੋਂ ਪਈ ਝਾੜ ਮਗਰੋਂ ਬੁੱਧਵਾਰ ਨੂੰ ਕਿਹਾ ਕਿ ਉਸ ਦਾ ਕੋਵਿਡ-19 ਐਂਟੀ ਟੀਕਾ ਕਾਫੀ ਪ੍ਰਭਾਵੀ ਹੈ। ਐਸਟ੍ਰਾਜ਼ੇਨੇਕਾ ਨੇ ਦੇਰ ਰਾਤ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਉਸ ਨੇ ਅਧਿਐਨ ਦੇ ਅੰਕੜਿਆਂ ਦੀ ਦੁਬਾਰਾ ਗਿਣਤੀ ਕੀਤੀ ਅਤੇ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਇਹ ਟੀਕਾ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਅਜਿਹੇ ਮਾਮਲਿਆਂ ਵਿਚ 76 ਫੀਸਦੀ ਤੱਕ ਪ੍ਰਭਾਵੀ ਹੈ, ਜਿਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਹੁੰਦੇ ਹਨ।
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੀਤੇ ਗਏ ਅਧਿਐਨ ਵਿਚ ਉਸ ਨੇ ਟੀਕੇ ਦੇ 79 ਫੀਸਦੀ ਤੱਕ ਪ੍ਰਭਾਵੀ ਹੋਣ ਦਾ ਦਾਅਵਾ ਕੀਤਾ ਸੀ। ਇਕ ਦਿਨ ਪਹਿਲਾਂ ਹੀ ਅਧਿਐਨ ਦਾ ਵਿਸ਼ਲੇਸ਼ਣ ਕਰਨ ਵਾਲੀ ਇਕ ਸੁਤੰਤਰ ਕਮੇਟੀ ਨੇ ਐਸਟ੍ਰਾਜ਼ੇਨੇਕਾ 'ਤੇ ਅੰਕੜਿਆਂ ਨੂੰ ਲੁਕਾਉਣ ਦਾ ਦੋਸ਼ ਲਗਾਇਆ ਸੀ। ਕਮੇਟੀ ਨੇ ਕੰਪਨੀ ਅਤੇ ਅਮਰੀਕੀ ਸਿਹਤ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿਚ ਲਿਖੇ ਪੱਤਰ ਵਿਚ ਕਿਹਾ ਕਿ ਕੰਪਨੀ ਨੇ ਅਧਿਐਨ ਵਿਚ ਜ਼ਿਕਰ ਕੀਤੇ ਗਏ ਕੁਝ ਕੋਵਿਡ-19 ਮਾਮਲਿਆਂ ਨੂੰ ਛੱਡ ਦਿੱਤਾ ਹੈ। ਅਧਿਐਨਾਂ ਵਿਚ ਅੰਕੜਿਆਂ ਨੂੰ ਲੈਕੇ ਹੋਣ ਵਾਲੇ ਵਿਵਾਦ ਆਮਤੌਰ 'ਤੇ ਗੁਪਤ ਰੱਖੇ ਜਾਂਦੇ ਹਨ ਪਰ ਰਾਸ਼ਟਰੀ ਸਿਹਤ ਸੰਸਥਾ ਨੇ ਅਚਾਨਕ ਕਦਮ ਚੁੱਕਦੇ ਹੋਏ ਐਸਟ੍ਰਾਜ਼ੇਨੇਕਾ ਨੂੰ ਜਨਤਕ ਤੌਰ 'ਤੇ ਅੰਤਰ ਨੂੰ ਦੂਰ ਕਰਨ ਲਈ ਕਿਹਾ।
ਪੜ੍ਹੋ ਇਹ ਅਹਿਮ ਖਬਰ- ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿ ਨੂੰ IMF ਤੋਂ ਮਿਲੇਗੀ ਅਰਬਾਂ ਰੁਪਏ ਦੀ ਮਦਦ
ਹੁਣ ਸਵਾਲ ਇਹ ਹੈ ਕੀ ਕੰਪਨੀ ਦੀ ਨਵੀਂ ਗਣਨਾ ਨਾਲ ਤਣਾਅ ਖ਼ਤਮ ਹੋ ਜਾਵੇਗਾ। ਬੁੱਧਵਾਰ ਨੂੰ ਅਮਰੀਕਾ ਦੇ ਛੂਤਕਾਰੀ ਰੋਗ ਮਾਹਰ ਡਾਕਟਰ ਐਨਥਨੀ ਫਾਊਚੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਦੋਂ ਸੰਘੀ ਰੈਗੂਲੇਟਰ ਸਾਰੇ ਅੰਕੜਿਆਂ ਦੀ ਜਨਤਕ ਤੌਰ 'ਤੇ ਜਾਂਚ ਕਰ ਲੈਣਗੇ ਤਾਂ ਵਿਵਾਦ ਖ਼ਤਮ ਹੋ ਜਾਵੇਗਾ। ਉਹਨਾਂ ਨੇ ਅਨੁਮਾਨ ਜਤਾਇਆ ਕਿ ਇਹ ਚੰਗਾ ਟੀਕਾ ਸਾਬਤ ਹੋਵੇਗਾ।
ਨੋਟ- ਐਸਟ੍ਰਾਜ਼ੇਨੇਕਾ ਵੱਲੋਂ ਕੀਤੇ ਦਾਅਵੇ 'ਤੇ ਕੁਮੈਂਟ ਕਰ ਦਿਓ ਰਾਏ।