ਕੋਰੋਨਾ ਵਾਇਰਸ ਕਾਰਨ ਰੱਦ ਹੋਇਆ ਏਸ਼ੀਆਈ ਸ਼ਾਂਤੀ ਪੁਰਸਕਾਰ
Tuesday, Jun 09, 2020 - 01:33 PM (IST)

ਬੈਂਕਾਕ- ਕੋਰੋਨਾ ਵਾਇਰਸ ਵਿਸ਼ਵ ਮਹਾਮਾਰੀ ਦੇ ਚੱਲਦਿਆਂ ਫਿਲੀਪਨ ਦਾ ਸ਼ਾਂਤੀ ਪੁਰਸਕਾਰ ਇਸ ਵਾਰ ਰੱਦ ਕਰ ਦਿੱਤਾ ਗਿਆ ਹੈ। ਇਹ ਤੀਜੀ ਵਾਰ ਹੈ ਜਦ ਏਸ਼ੀਆ ਦਾ ਨੋਬਲ ਪੁਰਸਕਾਰ ਕਹੇ ਜਾਣ ਵਾਲੇ ਇਸ ਸਲਾਨਾ ਸਨਮਾਨ ਨੂੰ ਪਿਛਲੇ 10 ਦਹਾਕਿਆਂ ਵਿਚ ਰੱਦ ਕੀਤਾ ਗਿਆ ਹੈ।
ਰੇਮਨ ਮੈਗਸਾਇਸਾਇ ਪੁਰਸਕਾਰ ਦੇਣ ਵਾਲੇ ਮਨੀਲਾ ਸਥਿਤ ਫਾਊਂਡੇਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਨੇ ਪੂਰੀ ਦੁਨੀਆ ਨੂੰ ਸੱਚ ਵਿਚ ਠੱਪ ਕਰ ਦਿੱਤਾ ਹੈ ਅਤੇ ਇਸ ਕਾਰਨ ਉਨ੍ਹਾਂ ਕੋਲ ਕੋਈ ਬਦਲ ਨਹੀਂ ਬਚਿਆ ਹੈ। ਇਨ੍ਹਾਂ ਪੁਰਸਕਾਰਾਂ ਨੂੰ 1970 ਵਿਚ ਆਰਥਿਕ ਸੰਕਟ ਦੇ ਚੱਲਦਿਆਂ ਅਤੇ 1990 ਵਿਚ ਭਿਆਨਕ ਭੂਚਾਲ ਕਾਰਨ ਪਹਿਲਾਂ ਵੀ ਰੱਦ ਕੀਤਾ ਜਾ ਚੁੱਕਾ ਹੈ।
ਪੁਰਸਕਾਰ ਦਾ ਨਾਂ ਫਿਲੀਪਨ ਦੇ ਪ੍ਰਸਿੱਧ ਰਾਸ਼ਟਰਪਤੀ ਦੇ ਨਾਂ 'ਤੇ ਰੱਖਿਆ ਗਿਆ ਸੀ, ਜਿਨ੍ਹਾਂ ਦੀ 1957 ਵਿਚ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਹ ਪੁਰਸਕਾਰ ਏਸ਼ੀਆ ਦੇ ਲੋਕਾਂ ਦੀ ਨਿਰਸੁਆਰਥ ਸੇਵਾ ਲਈ ਲੋਕਾਂ ਨੂੰ ਸਨਮਾਨਤ ਕਰਨ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਪ੍ਰਾਪਤ ਕਰ ਚੁੱਕੀਆਂ 300 ਸ਼ਖਸੀਅਤਾਂ ਵਿਚੋਂ ਫਿਲੀਪਨ ਦੇ ਸਵਰਗਵਾਸੀ ਰਾਸ਼ਟਰਪਤੀ ਕੋਰਾਜੋਨ ਐਕਵਿਨੋ ਅਤੇ ਮਦਰ ਥੈਰੇਸਾ ਸ਼ਾਮਲ ਹਨ, ਜਿਨ੍ਹਾਂ ਨੂੰ ਭਾਰਤ ਵਿਚ ਉਨ੍ਹਾਂ ਦੇ ਚੰਗੇ ਕੰਮਾਂ ਲਈ ਜਾਣਿਆ ਜਾਂਦਾ ਹੈ। ਦੱਖਣੀ-ਪੂਰਬੀ ਏਸ਼ੀਆ ਵਿਚ ਫਿਲੀਪਨ ਕੋਰੋਨਾ ਵਾਇਰਸ ਦਾ ਵਧੇਰੇ ਪ੍ਰਭਾਵਿਤ ਖੇਤਰ ਹੈ, ਜਿੱਥੇ ਵਾਇਰਸ ਦੇ 22,400 ਮਾਮਲੇ ਹਨ ਅਤੇ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਪਣੀ ਅਰਥ-ਵਿਵਸਥਾ ਨੂੰ ਗਤੀ ਦੇਣ ਲਈ ਉਸ ਨੇ ਲੱਖਾਂ ਲੋਕਾਂ ਨੂੰ ਤਾਲਾਬੰਦੀ ਤੋਂ ਰਾਹਤ ਦਿੱਤੀ ਹੈ।