ਕੋਵਿਡ-19 : ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ''ਚ ਮੁੜ ਲਗਾਈ ਗਈ ਤਾਲਾਬੰਦੀ

Wednesday, May 19, 2021 - 01:17 PM (IST)

ਕੋਵਿਡ-19 : ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ''ਚ ਮੁੜ ਲਗਾਈ ਗਈ ਤਾਲਾਬੰਦੀ

ਤਾਇਪੇ (ਭਾਸ਼ਾ): ਪੂਰੇ ਏਸ਼ੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵੱਧ ਰਹੇ ਹਨ। ਏਸ਼ੀਆ ਦੇ ਅਜਿਹੇ ਕਈ ਦੇਸ਼ਾਂ ਵਿਚ ਇਨਫੈਕਸ਼ਨ ਮੁੜ ਤੋਂ ਵੱਧ ਗਿਆ ਹੈ ਜਿੱਥੇ ਇਹ ਪਹਿਲਾਂ ਕੰਟਰੋਲ ਵਿਚ ਲੱਗ ਰਿਹਾ ਸੀ। ਇਹਨਾਂ ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ, ਹੋਟਲ ਅਤੇ ਰੈਸਟੋਰੈਂਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ, ਟੈਕਸੀ ਡਰਾਈਵਰਾਂ ਨੂੰ ਗਾਹਕ ਨਹੀਂ ਮਿਲ ਰਹੇ ਹਨ, ਵਿਆਹ ਅਚਾਨਕ ਰੱਦ ਕਰ ਦਿੱਤੇ ਗਏ ਹਨ। ਘੱਟ ਆਬਾਦੀ ਵਾਲੇ ਮੰਗੋਲੀਆ ਵਿਚ ਮਰਨ ਵਾਲਿਆਂ ਦੀ ਗਿਣਤੀ 15 ਤੋਂ ਵੱਧ ਕੇ 233 ਤੱਕ ਵੱਧ ਗਈ ਹੈ ਜਦਕਿ ਤਾਇਵਾਨ ਵਿਚ ਪਿਛਲੇ ਹਫ਼ਤੇ ਤੋਂ ਇਨਫੈਕਸ਼ਨ ਦੇ 1000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6 ਲੱਖ ਤੋਂ ਵੱਧ ਲੋਕਾਂ ਨੂੰ ਦੋ ਹਫ਼ਤੇ ਦੇ ਮੈਡੀਕਲ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।

ਤਾਇਵਾਨ ਨੇ ਇਸ ਤੋਂ ਪਹਿਲਾਂ ਵਾਇਰਸ ਨੂੰ ਸਫਲਤਾ ਪੂਰਵਕ ਕੰਟਰੋਲ ਕਰ ਲਿਆ ਸੀ। ਹਾਂਗਕਾਂਗ ਅਤੇ ਸਿੰਗਾਪੁਰ ਨੇ ਦੂਜੀ ਵਾਰ ਕੁਆਰੰਟੀਨ ਮੁਕਤ ਯਾਤਰਾ ਰੱਦ ਕਰ ਦਿੱਤੀ ਹੈ। ਚੀਨ ਵਿਚ ਸਥਾਨਕ ਇਨਫੈਕਸ਼ਨ ਦੇ ਮਾਮਲੇ ਖ਼ਤਮ ਹੋ ਚੁੱਕੇ ਹਨ ਪਰ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਅਤੇ ਯੂਰਪ ਦੇ ਕੁਝ ਹਿੱਸਿਆਂ ਵਿਚ ਇਨਫੈਕਸ਼ਨ ਵੱਡੇ ਪੱਧਰ 'ਤੇ ਫੈਲ ਰਹੇ ਹਨ, ਮਾਸਕ ਲਗਾਉਣ ਦੇ ਸਖ਼ਤ ਆਦੇਸ਼, ਮਾਮਲਿਆਂ ਦਾ ਤੇਜ਼ੀ ਨਾਲ ਪਤਾ ਲਗਾਉਣਾ, ਵੱਡੇ ਪੱਧਰ 'ਤੇ ਜਾਂਚ ਅਤੇ ਵਿਆਪਕ ਟੀਕਾਕਰਨ ਦੇ ਬਾਵਜੂਦ ਇਨਫੈਕਸ਼ਨ ਦਾ ਪ੍ਰਸਾਰ ਖਤਰਨਾਕ ਪੱਧਰ 'ਤੇ ਹੋ ਰਿਹਾ ਹੈ। ਕਈ ਦੇਸ਼ਾਂ ਵਿਚ ਸਮਾਜਿਕ ਅਤੇ ਆਰਥਿਕ ਜੀਵਨ ਨੂੰ ਮੁੜ ਤੋਂ ਸਧਾਰਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਤੌਰ 'ਤੇ ਸਕੂਲਾਂ ਅਤੇ ਪ੍ਰਾਹੁਣਾਚਾਰੀ ਉਦਯੋਗ ਜਿਵੇ ਖੇਤਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਬ੍ਰਿਟਿਸ਼ ਬਾਲਾਸੁਬਰਮਣਯਨ ਮਿਲੇਨੀਅਮ ਟੇਕ ਪ੍ਰਾਈਜ਼ ਨਾਲ ਸਨਮਾਨਿਤ

ਇਕ ਮਹਾਮਾਰੀ ਵਿਗਿਆਨੀ ਅਤੇ ਟਾਪੂ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਚੇਨ-ਚਿਏਨ-ਜੈਨ ਮੁਤਾਬਕ ਬ੍ਰਿਟੇਨ ਵਿਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਦੇ ਜ਼ਿਆਦਾ ਆਸਾਨੀ ਨਾਲ ਪ੍ਰਸਾਰਤ ਹੋਣ ਵਾਲ ਵੈਰੀਐਂਟ ਕਾਰਨ ਤਾਇਵਾਨ ਵਿਚ ਮਾਮਲੇ ਵਧੇ ਹਨ। ਤਾਇਪੇ ਵਿਚ ਸਕੂਲ, ਜਿਮ ਅਤੇ ਪੂਲ ਬੰਦ ਹਨ ਅਤੇ ਘਰ ਅੰਦਰ 5 ਤੋਂ ਵੱਧ ਲੋਕਾਂ ਅਤੇ 10 ਤੋ ਵੱਧ ਲੋਕਾਂ ਦੇ ਬਾਹਰ ਇਕੱਠੇ ਹੋਣ 'ਤੇ ਪਾਬੰਦੀ ਹੈ। ਟਾਪੂ ਵਿਚ ਬੁੱਧਵਾਰ ਤੋਂ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਜਨਤਾ ਤੋਂ ਜਨਤਕ ਸਥਲਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਤਸਾਈ ਨੇ ਕਿਹਾ,''ਅਸੀਂ ਆਪਣੀ ਮੈਡੀਕਲ ਸਮਰੱਥਾ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।'' ਉਹਨਾਂ ਨੇ ਕਿਹਾ ਕਿ ਟੀਕੇ ਵਿਦੇਸ਼ਾਂ ਤੋਂ ਆ ਰਹੇ ਹਨ। 

ਮਲੇਸ਼ੀਆ ਵਿਚ ਮਾਮਲਿਆਂ ਵਿਚ ਤੇਜ਼ ਵਾਧੇ ਦੇ ਵਿਚਕਾਰ 7 ਜੂਨ ਤੱਕ ਇਕ ਮਹੀਨੇ ਦੀ ਤਾਲਾਬੰਦੀ ਲਗਾਈ ਗਈ ਹੈ। ਇਹ ਸਿਰਫ ਇਕ ਸਾਲ ਵਿਚ ਦੂਜੀ ਦੇਸ਼ ਪੱਧਰੀ ਤਾਲਾਬੰਦੀ ਹੈ ਅਤੇ ਜਨਵਰੀ ਦੇ ਬਾਅਦ ਤੋਂ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਚਾਰ ਗੁਣਾ ਵਾਧਾ ਹੋਇਆ ਹੈ, ਜਿਸ ਦੇ ਬਾਅਦ ਦੇਸ਼ ਵਿਚ ਹੁਣ ਕੁੱਲ ਮਾਮਲੇ 47,400 ਤੋਂ ਵੱਧ ਗਏ ਹਨ। ਇੱਥੇ ਅੰਤਰਰਾਜੀ ਯਾਤਰਾ ਅਤੇ ਸਮਾਜਿਕ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਕੂਲ ਬੰਦ ਹਨ ਅਤੇ ਰੈਸਟੋਰੈਂਟ ਸਿਰਫ ਟੇਕਆਊਟ ਸੇਵਾ ਪ੍ਰਦਾਨ ਕਰ  ਸਕਦੇ ਹਨ। ਸਿੰਗਾਪੁਰ ਨੇ ਸਮਾਜਿਕ ਦੂਰੀ ਬਣਾਈ ਰੱਖਣ ਲਈ 13 ਜੂਨ ਤੱਕ ਸਖ਼ਤ ਉਪਾਅ ਲਾਗੂ ਕੀਤੇ ਹਨ। ਜਨਤਕ ਸਮਾਰੋਹਾਂ ਨੂੰ ਦੋ ਲੋਕਾਂ ਤੱਕ ਸੀਮਤ ਕਰ ਦਿੱਤਾ ਹੈ ਅਤੇ ਰੈਸਟੋਰੈਂਟ ਵਿਚ ਬੈਠ ਕੇ ਖਾਣੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਚੀਨ ਨੇ ਲਿਯਾਓਨਿੰਗ ਸੂਬੇ ਵਿਚ ਟੋਲ ਬੂਥਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਚੌਕੀਆਂ ਸਥਾਪਿਤ ਕੀਤੀਆਂ ਹਨ, ਜਿੱਥੇ ਮੰਗਲਵਾਰ ਨੂੰ ਚਾਰ ਹੋਰ ਮਾਮਲੇ ਸਾਹਮਣੇ ਆਏ। ਥਾਈਲੈਂਡ ਵਿਚ ਮੰਗਲਵਾਰ ਨੂੰ ਇਨਫੈਕਸ਼ਨ ਨਾਲ 35 ਮੌਤਾਂ ਹੋਈਆਂ, ਜੋ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ ਤੋਂ ਸਭ ਤੋਂ ਵੱਧ ਹਨ। ਦੇਸ਼ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 649 ਹੋ ਗਈ ਜਿਹਨਾਂ ਵਿਚੋਂ 555 ਨਵੀਂ ਲਹਿਰ ਵਿਚ ਸਾਹਮਣੇ ਆਏ ਹਨ। ਥਾਈਲੈਂਡ ਵਿਚ ਕੁੱਲ 1,16,000 ਮਾਮਲਿਆਂ ਵਿਚੋਂ ਲੱਗਭਗ ਤਿੰਨ-ਚੌਥਾਈ ਮਾਮਲੇ ਅਪ੍ਰੈਲ ਤੋਂ ਸਾਹਮਣੇ ਆਏ ਹਨ। ਮਨੀਲਾ ਵਿਚ ਮਾਮਲੇ ਵਧਣ ਕਾਰਨ ਅਪ੍ਰੈਲ ਵਿਚ ਤਾਲਾਬੰਦੀ ਲਗਾਈ ਗਈ। ਫਿਲੀਪੀਨਜ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 11 ਲੱਖ ਤੋਂ ਵੱਧ ਮਾਮਲੇ ਆ ਚੁੱਕੇ ਹਨ ਜਦਕਿ 18,800 ਤੋਂ ਵੱਧ ਮੌਤਾਂ ਹੋਈਆਂ ਹਨ।

ਨੋਟ- ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਮੁੜ ਲਗਾਈ ਗਈ ਤਾਲਾਬੰਦੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News