ਕੋਰੋਨਾ ਕਾਲ ਦੌਰਾਨ ਸਰਕਾਰ ਦੀ ਬੇਰੁਖ਼ੀ ਕਾਰਨ ਕਲਾਕਾਰਾਂ ''ਚ ਭਾਰੀ ਰੋਸ ਤੇ ਨਿਰਾਸ਼ਾ
Sunday, May 30, 2021 - 11:07 AM (IST)
ਲੰਡਨ (ਸਮਰਾ): ਬੇਸ਼ੱਕ ਪੰਜਾਬ ਦੇ ਮੌਜੂਦਾ ਤ੍ਰਾਸਦੀ ਭਰੇ ਹਾਲਾਤ ਕਾਰਨ ਹਰੇਕ ਵਰਗ ਦੇ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਸਥਿਤੀ ਉੱਤੇ ਕਾਬੂ ਪਾਉਣ ਲਈ ਵੱਡੀਆਂ ਚੁਣੌਤੀਆਂ ਨਾਲ ਦੋ ਦੋ ਹੱਥ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਇਸ ਸਮੁੱਚੇ ਵਰਤਾਰੇ ਦੌਰਾਨ ਜੇਕਰ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ 'ਤੇ ਝਾਤ ਪਾਈ ਜਾਵੇ ਤਾਂ ਉਨ੍ਹਾਂ ਵਿੱਚ ਸਰਕਾਰ ਵੱਲੋਂ ਸਮੁੱਚੇ ਕਲਾਕਾਰ ਭਾਈਚਾਰੇ ਨਾਲ ਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਬੇਰੁਖ਼ੀ ਤੇ ਬੇਗਾਨਗੀ ਦੀ ਭਾਵਨਾ ਵਿਰੁੱਧ ਵੱਡਾ ਰੋਸ ਅਤੇ ਨਿਰਾਸ਼ਾ ਦਾ ਆਲਮ ਦਿਖਾਈ ਦੇ ਰਿਹਾ ਹੈ।
ਜ਼ਿਆਦਾਤਰ ਕਲਾਕਾਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਵੱਲੋਂ ਤਾਲਾਬੰਦੀ ਦੌਰਾਨ ਦਿੱਤੀ ਜਾ ਰਹੀ ਢਿੱਲ ਦੌਰਾਨ ਹਰ ਵਰਗ ਦੇ ਵਪਾਰੀ, ਛੋਟੇ ਵੱਡੇ ਦੁਕਾਨਦਾਰ ਆਪਣੇ ਪਰਿਵਾਰ ਲਈ ਗੁਜ਼ਾਰੇ ਜੋਗੀ ਰੋਜ਼ੀ ਰੋਟੀ ਕਮਾ ਲੈਂਦੇ ਹਨ ਜਦਕਿ ਕਲਾਕਾਰ ਭਾਈਚਾਰੇ ਨਾਲ ਸਬੰਧਤ ਲੋਕ ਸਰਕਾਰ ਵੱਲੋਂ ਪ੍ਰੋਗਰਾਮਾਂ 'ਤੇ ਲਗਾਈ ਮੁਕੰਮਲ ਪਾਬੰਦੀ ਕਾਰਨ ਆਪਣੇ ਪਰਿਵਾਰ ਲਈ ਦੋ ਡੰਗ ਦੀ ਰੋਟੀ ਜੁਟਾਉਣ ਤੋਂ ਵੀ ਅਵਾਜ਼ਾਰ ਹੋ ਚੁੱਕੇ ਹਨ। ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ।
ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਰਮਨ ਪੰਨੂ, ਫ਼ਿਲਮੀ ਡਾਇਰੈਕਟਰ ਅਤੇ ਅਦਾਕਾਰ ਰਣਜੀਤ ਉਪਲ, ਕੈਮਰਾਮੈਨ ਗੁਰ ਨਿਸ਼ਾਨ ਸਿੰਘ ਤੇ ਉੱਘੀ ਲੋਕ ਗਾਇਕਾ ਕੌਰ ਸਿੰਮੀ ਨੇ ਦੱਸਿਆ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਉਤਸ਼ਾਹਿਤ ਕਰਨ ਦੇ ਨਾਲ-ਨਾਲ ਹੋਰ ਸਰਕਾਰੀ ਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਤੇ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲਾ ਸਮੁੱਚਾ ਕਲਾਕਾਰ ਭਾਈਚਾਰਾ ਬੇਹੱਦ ਆਰਥਿਕ ਮੰਦਹਾਲੀ ਤੇ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਬੇਹੱਦ ਮੰਦਭਾਗਾ ਨਿਰਾਸ਼ਾ ਤੇ ਚਿੰਤਾ ਦਾ ਵਿਸ਼ਾ ਹੈ।
ਪੜ੍ਹੋ ਇਹ ਅਹਿਮ ਖਬਰ- ਨੇਪਾਲ ਸਰਕਾਰ ਨੇ ਰਾਮ ਮੰਦਰ ਦੇ ਨਿਰਮਾਣ ਲਈ ਅਲਾਟ ਕੀਤਾ 'ਫੰਡ'
ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਹ ਪਹਿਲ ਦੇ ਆਧਾਰ 'ਤੇ ਆਪਣੇ ਵਿਧਾਇਕਾਂ ਰਾਹੀਂ ਲੋੜਵੰਦ ਕਲਾਕਾਰਾਂ ਦੀਆਂ ਸੂਚੀਆਂ ਬਣਾ ਕੇ ਜਾਂ ਤਾਂ ਉਨ੍ਹਾਂ ਲਈ ਜ਼ਰੂਰੀ ਰਾਸ਼ਨ ਪਾਣੀ ਦਾ ਪ੍ਰਬੰਧ ਕਰੇ ਜਾਂ ਉਨ੍ਹਾਂ ਲਈ ਮਾਸਿਕ ਪੈਨਸ਼ਨ ਦਾ ਪ੍ਰਬੰਧ ਕਰੇ। ਉੱਘੀ ਲੋਕ ਗਾਇਕਾ ਕੌਰ ਸਿੰਮੀ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਦੇ ਮੂਲੋਂ ਹੀ ਠੱਪ ਹੋਏ ਕਾਰੋਬਾਰ ਨੇ ਸਮੁੱਚੇ ਕਲਾ ਖੇਤਰ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਜਦਕਿ ਸਰਕਾਰਾਂ ਵੱਲੋਂ ਇਸ ਖੇਤਰ ਵੱਲ ਕੋਈ ਧਿਆਨ ਨਾ ਦੇ ਕੇ ਸਮੁੱਚੇ ਕਲਾਕਾਰ ਭਾਈਚਾਰੇ ਨੂੰ ਵੱਡੇ ਪੱਧਰ 'ਤੇ ਨਿਰਾਸ਼ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਕਲਾਕਾਰਾਂ ਨੂੰ ਪ੍ਰੋਗਰਾਮ ਲਗਾਉਣ ਦੀ ਛੋਟ ਦੇਣ ਦੀ ਮੰਗ ਕੀਤੀ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਯੋਗ ਢੰਗ ਨਾਲ ਕਰ ਸਕਣ।