ਅੱਬਾਸੀ ਖਿਲਾਫ ਗ੍ਰਿਫਾਤਰੀ ਵਾਰੰਟ ਜਾਰੀ
Monday, Sep 10, 2018 - 09:00 PM (IST)

ਇਸਲਾਮਾਬਾਦ— ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਸਬੰਧ 'ਚ ਇਕ ਉੱਚ ਪੱਧਰੀ ਸੁਰੱਖਿਆ ਬੈਠਕ ਦੇ ਬਿਊਰੋ ਦਾ ਖੁਲਾਸਾ ਕਰਨ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਖਿਲਾਫ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅੱਬਾਸੀ ਨੇ 'ਡਾਨ' ਅਖਬਾਰ ਦੇ ਪੱਤਰਕਾਰਾਂ ਨਾਲ ਆਪਣੀ ਪਾਰਟੀ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਇੰਟਰਵਿਊ ਨੂੰ ਲੈ ਕੇ ਮਈ 'ਚ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਬਾਅਦ 'ਚ ਉਨ੍ਹਾਂ ਨੇ ਬੈਠਕ ਦਾ ਬਿਊਰਾ ਮੀਡੀਆ ਨਾਲ ਸਾਂਝਾ ਕੀਤਾ ਸੀ।
ਸਿਵਲ ਸੋਸਾਇਟੀ ਦੀ ਇਕ ਮੈਂਬਰ ਨੇ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਦੋਸ਼ ਲਗਾਇਆ ਕਿ ਅੱਬਾਸੀ ਨੇ ਸੁਰੱਖਿਆ ਸੰਸਥਾਵਾਂ ਦੀ ਮਾਣਹਾਨੀ ਕੀਤੀ ਹੈ। ਪਟੀਸ਼ਨ ਦਾਇਰ ਕਰਨ ਵਾਲੇ ਨੇ ਤਰਕ ਦਿੱਤਾ ਸੀ ਕਿ ਬੈਠਕ ਤੋਂ ਬਾਅਦ ਅੱਬਾਸੀ ਨੇ ਕੱਢੇ ਗਏ ਪ੍ਰਧਾਨ ਮੰਤਰੀ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਤਕ ਫੌਜੀ ਅਗਵਾਈ ਦੀ ਪ੍ਰੇਸ਼ਾਨੀ ਦੀ ਸੂਚਨਾ ਪਹੁੰਚਾਈ ਸੀ।
ਉਸ ਨੇ ਕਿਹਾ ਕਿ ਅੱਬਾਸੀ ਨੇ ਅਜਿਹਾ ਕਰ ਪ੍ਰਧਾਨ ਮੰਤਰੀ ਦੇ ਰੂਪ 'ਚ ਲਈ ਗਈ ਆਪਣੀ ਸਹੁੰ ਦਾ ਉਲੰਘਣ ਕੀਤਾ। ਲਾਹੌਰ ਹਾਈ ਕੋਰਟ ਦੇ ਜੱਜ ਮਜ਼ਹਰ ਅਲੀ ਅਕਬਰ ਨਕਵੀ ਨੇ ਅੱਬਾਸੀ ਨੂੰ ਸੋਮਵਾਰ ਨੂੰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ 'ਤੇ ਉਨ੍ਹਾਂ ਖਿਲਾਫ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ। ਜੱਜ ਨੇ ਸ਼ਰੀਫ ਤੇ ਰਿਪੋਰਟਰ ਨੂੰ ਵੀ ਨੋਟਿਸ ਜਾਰੀ ਕੀਤੇ ਜਾਣ ਦਾ ਆਦੇਸ਼ ਦਿੱਤਾ।