ਵੇਲਜ਼ ''ਚ ਕੋਰੋਨਾ ਸੰਕਟ ਦੌਰਾਨ ਐਂਬੂਲੈਂਸ ਸੇਵਾਵਾਂ ਦੀ ਸਹਾਇਤਾ ਲਈ ਹੋਈ ਫ਼ੌਜ ਦੀ ਸ਼ਮੂਲੀਅਤ
Thursday, Dec 24, 2020 - 03:40 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਵੇਲਜ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਤੱਕ ਪਹੁੰਚਾਉਣ ਲਈ ਸਿਹਤ ਵਿਭਾਗ ਦੀਆਂ ਐਂਬੂਲੈਂਸ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬ੍ਰਿਟਿਸ਼ ਆਰਮੀ ਨੇ ਸਿਹਤ ਮਾਹਰਾਂ ਦੀ ਬੇਨਤੀ ਤੋਂ ਬਾਅਦ ਵੇਲਜ਼ ਵਿੱਚ ਵਿਭਾਗ ਦੀ ਸਹਾਇਤਾ ਲਈ ਕਦਮ ਚੁੱਕੇ ਹਨ।
ਇਸ ਖੇਤਰ ਵਿਚ ਕੋਵਿਡ-19 ਦੇ ਵੱਧ ਰਹੇ ਦਬਾਅ ਨਾਲ ਨਜਿੱਠਣ ਲਈ 90 ਦੇ ਕਰੀਬ ਰਾਇਲ ਲੌਜਿਸਟਿਕ ਕੋਰ ਅਤੇ ਰਾਇਲ ਆਰਮੀ ਮੈਡੀਕਲ ਕੋਰ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਵੇਲਜ਼ ਐਂਬੂਲੈਂਸ ਸੰਚਾਲਨ ਦੇ ਨਿਰਦੇਸ਼ਕ, ਲੀ ਬਰੂਕਸ ਅਨੁਸਾਰ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਫ਼ੌਜ ਨੇ ਦੂਜੀ ਵਾਰ ਸਹਾਇਤਾ ਕੀਤੀ ਹੈ ਜਦਕਿ ਪਹਿਲੀ ਲਹਿਰ ਦੇ ਦੌਰਾਨ, ਮਿਲਟਰੀ ਨੇ ਪੀ. ਪੀ. ਈ. ਵੰਡ ਕੇ, ਅਤੇ ਕਾਰਡਿਫ ਵਿਚ ਇਕ ਅਸਥਾਈ ਹਸਪਤਾਲ ਬਣਾ ਕੇ ਵੇਲਜ਼ ਐੱਨ. ਐੱਚ. ਐੱਸ. ਦੀ ਸਹਾਇਤਾ ਕੀਤੀ ਸੀ।
ਇਸ ਸਮੇਂ ਵੀ ਫ਼ੌਜ ਦੇ ਜਵਾਨ ਹੋਰ ਸਹਾਇਤਾ ਦੇ ਨਾਲ ਟੀਕਾਕਰਨ ਪ੍ਰਕਿਰਿਆ ਲਈ ਟੀਕੇ ਦੀ ਸਪੁਰਦਗੀ ਵਿਚ ਵੀ ਸਹਾਇਤਾ ਕਰਨਗੇ।ਬਰੂਕਸ ਨੇ ਅੱਗੇ ਬੋਲਦਿਆਂ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਅਤੇ ਵਧੇਰੇ ਸਟਾਫ ਦੇ ਗੈਰਹਾਜ਼ਰ ਹੋਣ ਕਾਰਨ ਐਂਬੂਲੈਂਸ ਸੇਵਾ ਵਧੀਆ ਸਹੂਲਤਾਂ ਪ੍ਰਦਾਨ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਸੀ, ਇਸ ਲਈ ਆਰਮੀ ਦੀ ਮੱਦਦ ਨਾਲ ਮਰੀਜ਼ਾਂ ਨੂੰ ਵਧੀਆ ਸਿਹਤ ਸੰਬੰਧੀ ਸਰਵਿਸ ਦੇਣ ਵਿੱਚ ਕਠਿਨਾਈ ਦਾ ਸਾਹਮਣਾ ਨਹੀ ਕਰਨਾ ਪਵੇਗਾ।