ਸਾਬਕਾ ਉਪ ਰਾਸ਼ਟਰਪਤੀ ਅੰਸਾਰੀ, ਅਮਰੀਕੀ MPs ਨੇ ਭਾਰਤ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ’ਤੇ ਪ੍ਰਗਟਾਈ ਚਿੰਤਾ
Friday, Jan 28, 2022 - 10:48 AM (IST)
ਵਾਸ਼ਿੰਗਟਨ (ਭਾਸ਼ਾ)- ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਅਮਰੀਕਾ ਦੇ ਚਾਰ ਸੰਸਦ ਮੈਂਬਰਾਂ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ’ਤੇ ਬੁੱਧਵਾਰ ਨੂੰ ਚਿੰਤਾ ਪ੍ਰਗਟਾਈ। ਅੰਸਾਰੀ ਅਤੇ ਕਈ ਅਮਰੀਕੀ ਸੰਸਦ ਮੈਂਬਰਾਂ ਨੇ ‘ਇੰਡੀਅਨ ਅਮਰੀਕਨ ਮੁਸਲਿਮ ਕੌਂਸਲ’ ਵੱਲੋਂ ਡਿਜੀਟਲ ਤਰੀਕੇ ਨਾਲ ਆਯੋਜਿਤ ਪੈਨਲ ਚਰਚਾ ਨੂੰ ਸੰਬੋਧਨ ਕੀਤਾ। ਭਾਰਤ ਹਾਲਾਂਕਿ ਦੇਸ਼ ਵਿਚ ਨਾਗਰਿਕ ਆਜ਼ਾਦੀ ਖ਼ਤਮ ਹੋਣ ਨੂੰ ਲੈ ਕੇ ਵਿਦੇਸ਼ੀ ਸਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਦੋਸ਼ਾਂ ਦਾ ਨੂੰ ਨਕਾਰਦਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਐਡ ਮਾਰਕ ਨੇ ਕਿਹਾ ਕਿ ਇਕ ਅਜਿਹਾ ਮਾਹੌਲ ਬਣਿਆ ਹੈ, ਜਿਥੇ ਭੇਦਭਾਵ ਅਤੇ ਹਿੰਸਾ ਜੜ ਫੜ ਸਕਦੀ ਹੈ। ਹਾਲ ਦੇ ਸਾਲਾਂ ਵਿਚ ਅਸੀਂ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਅਤੇ ਨਫ਼ਰਤੀ ਕੰਮਾਂ ਵਿਚ ਵਾਧਾ ਦੇਖਿਆ ਹੈ। ਇਨ੍ਹਾਂ ਵਿਚ ਮਸਜਿਦਾਂ ਵਿਚ ਭੰਨ-ਤੋੜ, ਗਿਰਜਾਘਰਾਂ ਨੂੰ ਸਾੜਨਾ ਅਤੇ ਫਿਰਕੂ ਹਿੰਸਾ ਵੀ ਸ਼ਾਮਲ ਹੈ। ਮਾਰਕੇ ਦਾ ਭਾਰਤ ਵਿਰੋਧੀ ਰੁਖ ਅਪਨਾਉਣ ਦਾ ਇਤਿਹਾਸ ਰਿਹਾ ਹੈ, ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੇ ਰਾਜ ਦੌਰਾਨ ਭਾਰਤ-ਅਮਰੀਕਾ ਗੈਰ-ਫੌਜੀ ਪ੍ਰਮਾਣੂ ਸਮਝੌਤੇ ਦਾ ਵੀ ਵਿਰੋਧ ਕੀਤਾ ਸੀ।
ਭਾਰਤ ਤੋਂ ਡਿਜੀਟਲ ਤਰੀਕੇ ਨਾਲ ਇਸ ਚਰਚਾ ਵਿਚ ਭਾਗ ਲੈਂਦੇ ਹੋਏ ਸਾਬਕਾ ਉਪ ਰਾਸ਼ਟਰਪਤੀ ਅੰਸਾਰੀ ਨੇ ਵੀ ਹਿੰਦੂ ਰਾਸ਼ਟਰਵਾਦ ਦੀ ਵਧਦੀ ਪ੍ਰਵਿਰਤੀ ’ਤੇ ਆਪਣੀ ਚਿੰਤਾ ਪ੍ਰਗਟਾਈ। ਅੰਸਾਰੀ ਨੇ ਦੋਸ਼ ਲਗਾਇਆ ਕਿ ਹਾਲ ਹੀ ਦੇ ਸਾਲਾਂ ਵਿਚ ਅਸੀਂ ਉਨ੍ਹਾਂ ਪ੍ਰਵਿਰਤੀਆਂ ਅਤੇ ਪ੍ਰਥਾਵਾਂ ਦਾ ਵਧਣਾ ਮਹਿਸੂਸ ਕੀਤਾ ਹੈ, ਜੋ ਨਾਗਰਿਕ ਰਾਸ਼ਟਰਵਾਦ ਦੇ ਸਥਾਪਿਤ ਸਿਧਾਂਤ ਸਬੰਧੀ ਵਿਵਾਦ ਖੜਾ ਕਰਦੀਆਂ ਹਨ ਅਤੇ ਸੰਸਕ੍ਰਿਤੀ ਰਾਸ਼ਟਰਵਾਦ ਦੀ ਇਕ ਨਵੀਂ ਅਤੇ ਕਾਲਪਨਿਕ ਪ੍ਰਵਿਰਤੀ ਨੂੰ ਬੜ੍ਹਾਵਾ ਦਿੰਦੀਆਂ ਹਨ। ਉਹ ਨਾਗਰਿਕਾਂ ਨੂੰ ਉਨ੍ਹਾਂ ਦੇ ਧਰਮ ਦੇ ਆਧਾਰ ’ਤੇ ਵੱਖ ਕਰਨਾ ਚਾਹੁੰਦੀ ਹੈ ਅਤੇ ਅਸ਼ਾਂਤੀ ਅਤੇ ਅਸੁਰੱਖਿਆ ਨੂੰ ਬੜ੍ਹਾਵਾਂ ਦਿੰਦੀਆਂਹਨ। ਚਰਚਾ ਵਿਚ ਤਿੰਨ ਸੰਸਦ ਮੈਂਬਰਾਂ ਜਿਮ ਮੈਕਗਵਰਨ, ਐਂਡੀ ਲੇਵਿਨ ਅਤੇ ਜੇਮੀ ਰਸਕਿਨ ਨੇ ਵੀ ਹਿੱਸਾ ਲਿਆ।
ਰਸਕਿਨ ਨੇ ਕਿਹਾ ਕਿ ਭਾਰਤ ਵਿਚ ਧਾਰਮਿਕ ਤਾਨਾਸ਼ਾਹੀ ਅਤੇ ਭੇਦਭਾਵ ਦੇ ਮੁੱਦੇ ’ਤੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਇਸ ਲਈ ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਭਾਰਤ ਹਰ ਕਿਸੇ ਲਈ ਧਾਰਮਿਕ ਆਜ਼ਾਦੀ, ਆਜ਼ਾਦੀ, ਬਹੁਵਾਦ ਅਤੇ ਅਸਹਿਮਤੀ ਦਾ ਸਨਮਾਨ ਕਰਨ ਦੀ ਰਾਹ ’ਤੇ ਬਣਿਆ ਰਹੇ। ਲੇਵਿਨ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਅੱਜ ਦੁਨੀਆ ਦਾ ਸਭ ਤੋਂਂ ਵੱਡਾ ਲੋਕਤੰਤਰ ਪਤਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਰਾਸ਼ਟਰਵਾਦ ਨੂੰ ਉਭਰਦੇ ਦੇਖ ਰਿਹਾ ਹੈ। 2014 ਦੇ ਬਾਅਦ ਤੋਂ ਭਾਰਤ ਲੋਕਤੰਤਰ ਸੂਚਕਾਂਕ ਵਿਚ 27 ਤੋਂ ਡਿੱਗ ਕੇ 53 ’ਤੇ ਆ ਗਿਆ ਹੈ ਅਤੇ ‘ਫਰੀਡਮ ਹਾਊਸ’ ਨੇ ਭਾਰਤ ਨੂੰ ‘ਆਜ਼ਾਦ’ ਤੋਂ ‘ਅੰਸ਼ਿਕ ਤੌਰ ’ਤੇ ਆਜ਼ਾਦ’ ਸ਼੍ਰੇਣੀ ਵਿਚ ਪਾ ਦਿੱਤਾ ਹੈ।