ਹਿੰਦੂਆਂ ਦੇ ਪੱਖ ’ਚ ਫੈਸਲਾ ਸੁਣਾਉਣ ਤੋਂ ਭੜਕੇ ਮੌਲਵੀਆਂ ਨੇ ਜੱਜ ਨੂੰ ਪਾਕਿਸਤਾਨ ਛੱਡਣ ਦੀ ਦਿੱਤੀ ਧਮਕੀ
Tuesday, Nov 02, 2021 - 07:54 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਹਿੰਦੂ ਫਿਰਕੇ ਦੇ ਲੋਕਾਂ ਦੇ ਪੱਖ ’ਚ ਦੋ-ਤਿੰਨ ਫੈਸਲੇ ਕੀ ਦਿੱਤੇ, ਸਮੂਹ ਕੱਟੜਪੰਥੀਆਂ ਨੇ ਗੁਲਜ਼ਾਰ ਅਹਿਮਦ ਨੂੰ ਪਾਕਿਸਤਾਨ ਛੱਡ ਕੇ ਭਾਰਤ ਚਲੇ ਜਾਣ ਤੱਕ ਦੀ ਧਮਕੀ ਦੇ ਦਿੱਤੀ।
ਸੂਤਰਾਂ ਅਨੁਸਾਰ ਪਾਕਿਸਤਾਨ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਬੀਤੇ ਦਿਨੀਂ ਇਸਲਾਮਾਬਾਦ ਦੇ ਹਿੰਦੂਆਂ ਵੱਲੋਂ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਏ ਸਨ। ਉਨ੍ਹਾਂ ਆਪਣੇ ਸੰਬੋਧਨ ’ਚ ਸਪਸ਼ੱਟ ਕਿਹਾ ਸੀ ਕਿ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਸਾਰਿਆਂ ਨੂੰ ਆਪਣੇ-ਆਪਣੇ ਧਰਮ ਅਨੁਸਾਰ ਪੂਜਾ-ਅਰਚਨਾ ਕਰਨ ਦਾ ਅਧਿਕਾਰ ਹੈ ਤੇ ਉਹ ਕੋਸ਼ਿਸ ਕਰਨਗੇ ਕਿ ਹਿੰਦੂ ਦੇ ਧਾਰਮਿਕ ਸਥਾਨਾਂ ਤੋਂ ਕਬਜ਼ੇ ਖਤਮ ਕਰ ਕੇ ਹਿੰਦੂਆਂ ਨੂੰ ਸੌਂਪੇ ਜਾਣ। ਉਸ ਤੋਂ ਬਾਅਦ ਉਨ੍ਹਾਂ ਨੇ 30 ਦਸੰਬਰ 2020 ਨੂੰ ਇਕ ਹਿੰਦੂ ਮੰਦਰ ਨੂੰ ਕੱਟੜਪੰਥੀਆਂ ਵੱਲੋਂ ਤੋੜਨ ਸਬੰਧੀ ਹਿੰਦੂ ਤੇ ਮੁਸਲਿਮਾਂ ’ਚ ਸਮਝੌਤਾ ਹੋ ਜਾਣ ਦੇ ਬਾਵਜੂਦ ਮੰਦਰ ਤੋੜਨ ਵਾਲੇ ਸਾਰੇ 123 ਦੋਸ਼ੀਆਂ ਤੋਂ ਪ੍ਰਤੀ ਦੋਸ਼ੀ 2 ਲੱਖ 68 ਹਜ਼ਾਰ ਰੁਪਏ 3 ਦਿਨ ’ਚ ਵਸੂਲਣ ਤੇ ਰਾਸ਼ੀ ਨਾ ਦੇਣ ਵਾਲਿਆਂ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਸੀ। ਬੀਤੇ ਦਿਨ ਕਰਾਚੀ ਦੀ ਹਿੰਦੂ ਜਿਮਖਾਨਾ ਕਲੱਬ ਹਿੰਦੂਆਂ ਨੂੰ ਤੁਰੰਤ ਸੌਂਪਣ ਦਾ ਹੁਕਮ ਜਾਰੀ ਕੀਤਾ ਸੀ।
ਅੱਜ ਕੱਟੜਪੰਥੀਆਂ ਤੇ ਮੌਲਵੀਆਂ ਦੀ ਇਕ ਮੀਟਿੰਗ ਇਸਲਾਮਾਬਾਦ ’ਚ ਮੀਆਂ ਮਿੱਠੂ ਨਾਮਕ ਮੌਲਵੀ ਦੀ ਅਗਵਾਈ ’ਚ ਹੋਈ, ਜਿਸ ’ਚ 300 ਤੋਂ ਜ਼ਿਆਦਾ ਮੌਲਵੀ ਤੇ ਕੱਟੜਪੰਥੀ ਸ਼ਾਮਲ ਹੋਏ। ਮੀਆਂ ਮਿੱਠੂ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੱਖ ਜੱਜ ਗੁਲਜ਼ਾਰ ਅਹਿਮਦ ਨੂੰ ਹਿੰਦੂ ਧਰਮ ਕਬੂਲ ਕਰ ਕੇ ਪਾਕਿਸਤਾਨ ਛੱਡ ਕੇ ਭਾਰਤ ਚਲੇ ਜਾਣਾ ਚਾਹੀਦਾ ਹੈ। ਅਸੀਂ ਜੱਜ ਦੀ ਮਨਮਰਜ਼ੀ ਪਾਕਿਸਤਾਨ ’ਚ ਨਹੀਂ ਚੱਲਣ ਦਿਆਂਗੇ। ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਇਮਰਾਨ ਸਰਕਾਰ ਨੂੰ ਭੇਜ ਕੇ ਗੁਲਜ਼ਾਰ ਅਹਿਮਦ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਦਾ ਫੈਸਲਾ ਲਿਆ ਗਿਆ। ਮੰਗ ਸਵੀਕਾਰ ਨਾ ਹੋਣ ’ਤੇ ਸੰਘਰਸ਼ ਦਾ ਰਸਤਾ ਅਪਣਾਉਣ ਦਾ ਫੈਸਲਾ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।