ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਪੁਨਤੀਨੀਆ ਵਿਖੇ ਅੰਮ੍ਰਿਤ ਸੰਚਾਰ ਸਮਾਗਮ 22 ਨਵੰਬਰ ਨੂੰ
Wednesday, Nov 19, 2025 - 04:23 PM (IST)
ਰੋਮ (ਦਲਵੀਰ ਸਿੰਘ ਕੈਂਥ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਸਮਾਗਮ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ (ਲਾਤੀਨਾ)ਵਿਖੇ 22 ਨਵੰਬਰ ਦਿਨ ਸ਼ਨੀਵਾਰ 2025 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਭਾਈ ਜਗਜੀਤ ਸਿੰਘ ਮੱਲ੍ਹੀ ਮੁੱਖ ਸੇਵਾਦਾਰ, ਭਾਈ ਸੁਖਵੰਤ ਸਿੰਘ ਹੈੱਡ ਗ੍ਰੰਥੀ ਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਵਿੱਚ ਮਹਾਨ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਤੇ ਸਿੱਖੀ ਦੇ ਬੂਟੇ ਨੂੰ ਪ੍ਰਫੁਲੱਤ ਕਰਨ ਹਿੱਤ ਸਮੇਂ-ਸਮੇਂ 'ਤੇ ਸਮਾਗਮਾਂ ਉਲੀਕੇ ਜਾਂਦੇ ਹਨ। ਇਸੇ ਤਹਿਤ 22 ਨਵੰਬਰ ਨੂੰ ਹੋ ਰਿਹਾ ਅੰਮ੍ਰਿਤ ਸੰਚਾਰ ਸਮਾਗਮ ਤੀਜਾ ਅੰਮ੍ਰਿਤ ਸੰਚਾਰ ਸਮਾਗਮ ਹੈ, ਜਿਹੜਾ ਕਿ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪ੍ਰਾਣੀ ਇਸ ਮਹਾਨ ਕਾਰਜ ਮੌਕੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਹਾਜ਼ ਵਿੱਚ ਖੰਡੇ ਬਾਟੇ ਦੀ ਪਾਹੁਲ ਛੱਕ ਸਵਾਰ ਹੋਣਾ ਚਾਹੁੰਦਾ ਹੈ ਉਹ ਕ੍ਰਿਪਾ ਕਰ ਕੇ ਪ੍ਰਬੰਧਕਾਂ ਕੋਲ ਆਪਣਾ ਨਾਮ ਪਹਿਲਾਂ ਦਰਜ ਕਰਵਾ ਦਵੇ। 23 ਨਵੰਬਰ ਦਿਨ ਐਤਵਾਰ ਨੂੰ ਸਜੇ ਵਿਸ਼ਾਲ ਦੀਵਾਨਾਂ ਤੋਂ ਪੰਥ ਦੇ ਸਿਰਮੌਰ ਢਾਡੀ ਜੱਥੇ ਭਾਈ ਸੁਖਵੀਰ ਸਿੰਘ ਭੌਰ ਤੇ ਸਾਥੀ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਮਹਾਨ ਸਿੱਖ ਧਰਮ ਦਾ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ।
