ਇਕ ਝਟਕੇ 'ਚ ਚੀਨੀ ਕਮਿਊਨਿਸਟ ਨੇਤਾਵਾਂ ਨੂੰ ਬਰਬਾਦ ਕਰ ਸਕਦੈ ਅਮਰੀਕਾ

Wednesday, Jul 29, 2020 - 04:12 PM (IST)

ਨਿਊਯਾਰਕ— ਬੀਜਿੰਗ ਅਤੇ ਵਾਸ਼ਿੰਗਟਨ ਦੇ ਰਿਸ਼ਤਿਆਂ 'ਚ ਦਿਨੋਂ-ਦਿਨ ਵੱਧ ਰਹੇ ਤਣਾਅ ਵਿਚਕਾਰ ਨਿਊਯਾਰਕ ਦੇ ਇਕ ਆਨਲਾਈਨ ਪੇਪਰ- 'ਵਿਜ਼ਨ ਟਾਈਮਜ਼' ਨੇ ਦਾਅਵਾ ਕੀਤਾ ਹੈ ਕਿ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਨੇਤਾਵਾਂ 'ਤੇ ਅਮਰੀਕੀ ਪਾਬੰਦੀਆਂ ਕਾਰਨ ਬੀਜਿੰਗ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ। ਵਿਜ਼ਨ ਟਾਈਮਜ਼ ਮੁਤਾਬਕ, ਸੀ. ਸੀ. ਪੀ. ਨੇਤਾਵਾਂ 'ਤੇ ਵਾਸ਼ਿੰਗਟਨ ਦੀਆਂ ਪਾਬੰਦੀਆਂ ਕਾਰਨ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਪਿਛਲੇ ਦੋ-ਢਾਈ ਦਹਾਕਿਆਂ 'ਚ ਮਨੀ ਲਾਂਡਰਿੰਗ, ਗੁੰਮਰਾਹਕੁੰਨ ਤੇ ਹੋਰ ਕਈ ਨਾਜਾਇਜ਼ ਤਰੀਕਿਆਂ ਰਾਹੀਂ ਵੱਖ-ਵੱਖ ਦੇਸ਼ਾਂ 'ਚ ਇਕੱਠੇ ਕੀਤੇ ਗਏ ਲਗਭਗ 10 ਲੱਖ ਕਰੋੜ ਡਾਲਰ ਬਰਬਾਦ ਹੋ ਸਕਦੇ ਹਨ।


ਕਮਿਊਨਿਸਟ ਪਾਰਟੀ ਨੇ ਇਹ ਪੈਸਾ ਤੇ ਜਾਇਦਾਦ ਉਨ੍ਹਾਂ ਹਾਲਾਤ ਦੇ ਮੱਦੇਨਜ਼ਰ ਇਕੱਠਾ ਕਰਕੇ ਰੱਖਿਆ ਹੈ ਕਿ ਜੇਕਰ ਕਿਸੇ ਕਾਰਨ ਪਾਰਟੀ ਦਾ ਪਤਨ ਅਤੇ ਲੋਕਾਂ ਦੇ ਭਾਰੀ ਅਸੰਤੋਸ਼ ਕਾਰਨ ਉਨ੍ਹਾਂ ਨੂੰ ਭੱਜਣਾ ਪੈਂਦਾ ਹੈ ਤਾਂ ਉਹ ਇਸ ਦਾ ਇਸ ਦੀ ਵਰਤੋਂ ਕਰ ਸਕਣ ਪਰ ਅਮਰੀਕਾ ਦੇ ਇਕ ਸਖ਼ਤ ਕਦਮ ਨਾਲ ਇਹ ਸਭ ਰਾਖ਼ ਹੋ ਸਕਦਾ ਹੈ। ਜੇਕਰ ਅਮਰੀਕਾ ਕਾਰਵਾਈ ਕਰਦਾ ਹੈ ਤਾਂ ਸੀ. ਸੀ. ਪੀ. ਦੇ ਸਾਰੇ ਵਿਦੇਸ਼ੀ ਫੰਡ ਫ੍ਰੀਜ਼ ਜਾਂ ਜ਼ਬਤ ਕੀਤੇ ਜਾ ਸਕਦੇ ਹਨ।

ਰਿਪੋਰਟ ਮੁਤਾਬਕ, ਚੀਨ ਦੀ ਕਮਿਊਨਿਸਟ ਪਾਰਟੀ ਨੇ 1991 'ਚ 'ਆਰਕ ਆਫ਼ ਡੂਮ' ਜਾਂ 'ਸਿੰਕਿੰਗ ਸ਼ਿਪ' ਦੀ ਚਾਲਬਾਜ਼ ਯੋਜਨਾ ਤਹਿਤ ਪੂਰੀ ਦੁਨੀਆ 'ਚ ਪੈਸਾ ਅਤੇ ਜਾਇਦਾਦਾਂ ਬਣਾਉਣਾ ਸ਼ੁਰੂ ਕੀਤਾ ਸੀ।

ਅਮਰੀਕਾ ਦਾ ਵਿਦੇਸ਼ ਵਿਭਾਗ ਪਹਿਲਾਂ ਹੀ ਸੀ. ਸੀ. ਪੀ. ਦੇ ਕੁਝ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਮਰੀਕੀ ਵੀਜ਼ਾ ਲਈ ਅਯੋਗ ਕਰਾਰ ਦੇ ਚੁੱਕਾ ਹੈ। 'ਚਾਈਨਾ ਅਬਜ਼ਰਵਰ- ਵਿਜ਼ਨ ਟਾਈਮਜ਼' ਨੇ ਆਪਣੀ ਖ਼ਬਰ 'ਚ ਕਿਹਾ ਕਿ ਅਮਰੀਕਾ 'ਈ. ਯੂ., ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂ. ਕੇ., ਜਾਪਾਨ' ਅਤੇ ਹੋਰ ਦੇਸ਼ਾਂ ਨੂੰ ਸੀ. ਸੀ. ਪੀ. ਦੀਆਂ ਵਿਦੇਸ਼ੀ ਜਾਇਦਾਦਾਂ ਜ਼ਬਤ ਕਰਨ ਲਈ ਸਹਿਮਤ ਕਰ ਸਕਦਾ ਹੈ। ਰਿਪੋਰਟ ਮੁਤਾਬਕ, ਬੈਲਟ ਐਂਡ ਰੋਡ ਇਨੀਸ਼ੀਏਟਿਵ ਵਰਗੇ ਨਿਵੇਸ਼ ਵੀ ਸੀ. ਸੀ. ਪੀ. ਵੱਲੋਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਰਤੇ ਗਏ ਹਨ। ਰਿਪੋਰਟ ਮੁਤਾਬਕ, ਚੀਨ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਸਵਿਸ ਬੈਂਕਾਂ 'ਚ 5,000 ਤੋਂ ਵੱਧ ਨਿੱਜੀ ਖਾਤੇ ਹਨ, ਜਿਨ੍ਹਾਂ 'ਚ ਕੇਂਦਰੀ ਕਮੇਟੀ ਦੇ ਮੰਤਰੀਆਂ ਤੋਂ ਲੈ ਕੇ ਉਪ-ਪ੍ਰਧਾਨ ਮੰਤਰੀ, ਬੈਂਕ ਗਵਰਨਰ ਤੇ ਕੇਂਦਰੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ।


Sanjeev

Content Editor

Related News