ਅਮਰੀਕਾ ਨੇ ਇਕ ਹੋਰ ਅੱਤਵਾਦੀ ਹਮਲੇ ਦੀ ਦਿੱਤੀ ਚਿਤਾਵਨੀ
Saturday, Aug 28, 2021 - 03:36 PM (IST)
ਵਾਸ਼ਿੰਗਟਨ (ਵਾਰਤਾ) : ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਆਪਣੇ ਫ਼ੌਜੀਆਂ ਦੀ ਵਾਪਸੀ ਦੀ ਡੈੱਡਲਾਈਨ 31 ਅਗਸਤ ਤੋਂ ਪਹਿਲਾਂ ਇਕ ਹੋਰ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਹੈ। ਉਥੇ ਹੀ 500 ਅਮਰੀਕੀ ਨਾਗਰਿਕ ਵਾਪਸੀ ਦੀ ਉਡੀਕ ਕਰ ਰਹੇ ਹਨ। ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਤੋਂ ਉਨ੍ਹਾਂ ਦੇ ਫ਼ੌਜੀਆਂ ਦੀ ਵਾਪਸੀ ਦੀ ਡੈੱਡਲਾਈਨ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਕਾਬੁਲ ਵਿਚ ਇਕ ਹੋਰ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ, ‘ਖ਼ਤਰਾ ਬਰਕਰਾਰ ਹੈ। ਸਾਡੇ ਫ਼ੌਜੀ ਅਜੇ ਵੀ ਖ਼ਤਰੇ ਵਿਚ ਹਨ।’ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ, ਸਥਾਨਕ ਰੂਪ ਨਾਲ ਤਾਇਨਾਤ ਕਰਮਚਾਰੀਆਂ ਅਤੇ ਵਿਸ਼ੇਸ਼ ਅਪ੍ਰਵਾਸੀ ਵੀਜ਼ਾ ਵਾਲੇ ਅਫ਼ਾਗਾਨਾਂ ਸਮੇਤ ਵਿਸ਼ੇਸ਼ ਸਮੂਹਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਣਾ ਸਾਡੀ ਵਚਨਬੱਧਤਾ ਹੈ।