ਅਮਰੀਕਾ ਨੂੰ ਨਵੀਂ ਪੀੜ੍ਹੀ ਦੇ ਨੇਤਾ ਦੀ ਲੋੜ: ਨਿੱਕੀ ਹੇਲੀ
Friday, Feb 17, 2023 - 11:41 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੀ ਨੇਤਾ ਅਤੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਪਾਰਟੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਨਿੱਕੀ ਹੇਲੀ ਨੇ ਕਿਹਾ ਹੈ ਕਿ ਅਮਰੀਕੀਆਂ ਨੂੰ ਦੇਸ਼ ਵਿਚ ਨਵੀਂ ਪੀੜ੍ਹੀ ਦੇ ਨੇਤਾ ਦੀ ਲੋੜ ਹੈ। ਹੇਲੀ ਨੇ 'ਫਾਕਸ ਨਿਊਜ਼' ਨਾਲ ਇੰਟਰਵਿਊ 'ਚ ਕਿਹਾ, ''ਅਸੀਂ ਕਈ ਨੇਤਾਵਾਂ ਨੂੰ ਦੇਖਿਆ ਹੈ, ਜਿਨ੍ਹਾਂ ਨੇ ਅਤੀਤ ਵਿਚ ਸਾਡੀ ਅਗਵਾਈ ਕੀਤੀ ਹੈ। ਸਾਨੂੰ ਕਾਂਗਰਸ ਵਿੱਚ ਕਾਰਜਕਾਲ ਦੀਆਂ ਸੀਮਾਵਾਂ ਰੱਖਣੀਆਂ ਹੋਣਗੀਆਂ। ਸਾਨੂੰ 75 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਚੁਣੇ ਹੋਏ ਅਧਿਕਾਰੀ ਲਈ ਯੋਗਤਾ ਟੈਸਟ ਕਰਵਾਉਣ ਦੀ ਲੋੜ ਹੈ।' ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ, ਦੀ ਉਮਰ 75 ਸਾਲ ਤੋਂ ਵੱਧ ਹੈ।
ਹੇਲੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੇਰਿਨ ਜੀਨ-ਪੀਅਰੇ ਨੇ ਇੱਥੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਜਾਂ ਟਿੱਪਣੀਆਂ ਸੁਣੀਆਂ ਹਨ।' ਉਨ੍ਹਾਂ ਕਿਹਾ ਕਿ ਬਾਈਡੇਨ ਆਪਣੀ ਸਮਰੱਥਾਂ ਸਾਬਿਤ ਕਰਕੇ ਇਸ ਵਾਰ ਅਜਿਹੇ ਆਲੋਚਕਾਂ ਨੂੰ ਚੁੱਪ ਕਰਾਉਣ ਵਿਚ ਕਾਮਯਾਬ ਰਹੇ ਹਨ। ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਹੇਲੀ ਨੇ ਕਿਹਾ ਕਿ ਅਮਰੀਕਾ ਨੂੰ ਨਵੀਂ ਪੀੜ੍ਹੀ ਦੇ ਨੇਤਾ ਦੀ ਲੋੜ ਹੈ। ਸਾਨੂੰ ਇਸ ਸਥਿਤੀ ਨੂੰ ਬਦਲਣਾ ਪਵੇਗਾ। ਸਾਨੂੰ ਇਸ ਅਵਿਵਸਥਾ ਨੂੰ ਪਿੱਛੇ ਛੱਡ ਕੇ ਭਵਿੱਖ ਬਾਰੇ ਗੱਲ ਕਰਨੀ ਪਵੇਗੀ।