ਅਮਰੀਕਾ : ਮਕਾਨ ਮਾਲਕ ਦੀ ਦਰਿਆਦਿਲੀ, 200 ਕਿਰਾਏਦਾਰਾਂ ਦਾ ਕਿਰਾਇਆ ਕੀਤਾ ਮੁਆਫ
Wednesday, Apr 08, 2020 - 05:32 PM (IST)
ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਵਿਚ ਹਰ ਕੋਈ ਆਪਣੇ ਪੱਧਰ 'ਤੇ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ ਦੇ ਬਰੂਕਲਿਨ ਵਿਚ ਰਹਿਣ ਵਾਲੇ ਇਕ ਮਕਾਨ ਮਾਲਕ ਨੇ 18 ਇਮਾਰਤਾਂ ਵਿਚ ਸਥਿਤ ਆਪਣੇ 80 ਅਪਾਰਟਮੈਂਟਾਂ ਵਿਚ ਰਹਿਣ ਵਾਲੇ 200 ਤੋਂ ਵਧੇਰੇ ਕਿਰਾਏਦਾਰਾਂ ਦਾ ਅਪ੍ਰੈਲ ਮਹੀਨੇ ਦਾ ਕਿਰਾਇਆ ਮੁਆਫ ਕਰ ਦਿੱਤਾ ਹੈ। ਮਕਾਨ ਮਾਲਕ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਵਿਚ ਉਹ ਆਪਣੇ ਕਿਰਾਏਦਾਰਾਂ ਨੂੰ ਤਣਾਅ ਨਹੀਂ ਦੇਣਾ ਚਾਹੁੰਦੇ।ਇਸ ਲਈ ਉਹਨਾਂ ਨੇ ਅਪ੍ਰੈਲ ਮਹੀਨੇ ਦਾ ਕਿਰਾਇਆ ਲੈਣ ਤੋਂ ਮਨਾ ਕਰ ਦਿੱਤਾ ਹੈ।
ਨਿਊਯਾਰਕ ਟਾਈਮਜ਼ ਦੇ ਮੁਤਾਬਕ ਮਹਾਮਾਰੀ ਦੇ ਸਮੇਂ ਲੋਕਾਂ ਦੀ ਮਦਦ ਕਰਨ ਵਾਲੇ ਮਕਾਨ ਮਾਲਕ ਦਾ ਨਾਮ ਮਾਰੀਓ ਸਲੇਰਨੋ ਹੈ। ਉਹਨਾਂ ਨੇ ਆਪਣੇ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਪੋਸਟਰ ਚਿਪਕਾ ਕੇ ਅਪ੍ਰੈਲ ਮਹੀਨੇ ਦਾ ਕਿਰਾਇਆ ਮੁਆਫ ਕਰਨ ਦੀ ਖਬਰ ਕਿਰਾਏਦਾਰਾਂ ਨੂੰ ਦਿੱਤੀ। ਮਾਰੀਓ ਦੇ ਅਪਾਰਟਮੈਂਟ ਜਿਸ ਇਲਾਕੇ ਵਿਚ ਹਨ ਉੱਥੇ 2BHK ਅਪਾਰਟਮੈਂਟ ਦਾ ਔਸਤ ਕਿਰਾਇਆ 2 ਲੱਖ 13 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।
ਗੌਰਤਲਬ ਹੈ ਕਿ ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਜਾਨਲੇਵਾ ਕੋਵਿਡ-19 ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਇੱਥੇ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ ਕੰਮ ਬੰਦ ਹੋਣ ਨਾਲ ਵੀ ਸੈਂਕੜੇ ਲੋਕਾਂ ਦੀ ਨੌਕਰੀ ਚਲੀ ਗਈ ਹੈ। ਅਮਰੀਕਾ ਦੇ ਹੋਰ ਵੱਡੇ ਸ਼ਹਿਰਾਂ ਵਿਚੋਂ ਕਿਤੇ ਜ਼ਿਆਦਾ, ਨਿਊਯਾਰਕ ਵਿਚ ਲੱਖਾਂ ਲੋਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਕਈ ਲੋਕਾਂ ਦੀ ਮਹੀਨੇ ਦੀ ਤਨਖਾਹ ਦਾ ਵੱਡਾ ਹਿੱਸਾ ਕਿਰਾਇਆ ਦੇਣ ਵਿਚ ਚੱਲਿਆ ਜਾਂਦਾ ਹੈ। ਮਾਰੀਓ ਨੇ ਆਪਣੇ ਕਿਰਾਏਦਾਰਾਂ ਨੂੰ ਕਿਰਾਇਆ ਮੁਆਫ ਕਰਨ ਦੇ ਨਾਲ ਇਹ ਵੀ ਸਲਾਹ ਦਿੱਤੀ ਹੈ ਉਹ ਸੁਰੱਖਿਅਤ ਰਹਿਣ ਅਤੇ ਗੁਆਂਢੀਆਂ ਦੀ ਮਦਦ ਕਰਨ।
ਅਮਰੀਕਾ ਦੀ ਅਰਥਵਿਵਸਥਾ ਨੂੰ ਅਚਾਨਕ ਝਟਕਾ ਲੱਗਣ ਕਾਰਨ ਵੀ ਵੱਡੀ ਗਿਣਤੀ ਵਿਚ ਨਿਊਯਾਰਕ ਦੇ ਵਸਨੀਕਾਂ ਨੂੰ ਆਪਣਾ ਕਿਰਾਇਆ ਚੁਕਾਉਣ ਦੀ ਚਿੰਤਾ ਸਤਾ ਰਹੀ ਹੈ। ਨਿਊਯਾਰਕ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ ਮਾਰੀਓ ਨੇ ਕਿਹਾ ਕਿ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਨੂੰ ਅਪ੍ਰੈਲ ਦਾ ਕਿਰਾਇਆ ਨਾ ਲੈਣ ਕਾਰਨ ਕਿੰਨਾ ਨੁਕਸਾਨ ਹੋ ਸਕਦਾ ਹੈ। ਮਾਰੀਓ ਨੇ ਦੱਸਿਆ ਕਿ ਉਹਨਾਂ ਦੇ 80 ਅਪਾਰਟਮੈਂਟ ਵਿਚ 200 ਤੋਂ 300 ਲੋਕ ਰਹਿੰਦੇ ਹਨ। ਮਾਰੀਓ ਨੇ ਕਿਹਾ ਕਿ ਉਹ ਫਿਲਹਾਲ ਇੰਨਾ ਹੀ ਚਾਹੁੰਦੇ ਹਨ ਕਿ ਉਹਨਾਂ ਦੇ ਕਿਰਾਏਦਾਰਾਂ ਨੂੰ ਤਣਾਅ ਨਾ ਹੋਵੇ। ਖਾਸ ਕਰ ਕੇ ਉਹਨਾਂ ਨੂੰ ਵੀ ਜਿਹੜੇ ਫਿਲਹਾਲ ਘਰੋਂ ਨੌਕਰੀ ਕਰ ਰਹੇ ਹਨ। ਉਹਨਾਂ ਦੀ ਚਿੰਤਾ ਲੋਕਾਂ ਦੀ ਸਿਹਤ ਹੈ।
ਪੜ੍ਹੋ ਇਹ ਅਹਿਮ ਖਬਰ- ਈਰਾਨ 'ਚ ਕੋਰੋਨਾ ਦੀ ਦਵਾਈ ਸਮਝ ਲੋਕਾਂ ਨੇ ਪੀਤਾ 'ਜ਼ਹਿਰ', 600 ਦੀ ਮੌਤ ਤੇ 3000 ਬੀਮਾਰ
59 ਸਾਲਾ ਮਾਰੀਓ ਨੇ ਕਿਹਾ ਕਿ ਉਹਨਾਂ ਨੇ ਕਿਰਾਏਦਾਰਾਂ ਨੂੰ ਕਿਹਾ ਹੈ ਕਿ ਉਹ ਗੁਆਂਢੀਆਂ ਦਾ ਖਿਆਲ ਰੱਖਣ ਅਤੇ ਇਹ ਯਕੀਨੀ ਕਰਨ ਕਿ ਹਰੇਕ ਵਿਅਕਤੀ ਦੇ ਸਾਹਮਣੇ ਖਾਣਾ ਹੋਵੇ। ਉਹਨਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਕੁਝ ਕਿਰਾਏਦਾਰਾਂ ਨੇ ਮੈਸੇਜ ਕਰ ਕੇ ਦੱਸਿਆ ਸੀ ਕਿ ਉਹ ਕਿਰਾਇਆ ਨਹੀਂ ਦੇ ਪਾਉਣਗੇ। ਇਹਨਾਂ ਵਿਚੋਂ ਆਇਰਲੈਂਡ ਦੇ ਰਹਿਣ ਵਾਲੇ 3 ਕਿਰਾਏਦਾਰ ਤਾਂ ਸਾਮਾਨ ਪੈਕ ਕਰ ਕੇ ਚਲੇ ਵੀ ਗਏ ਹਨ।
ਪੜ੍ਹੋ ਇਹ ਅਹਿਮ ਖਬਰ- 'ਵਰਕ ਫਰੋਮ ਹੋਮ' ਦੇ ਬਿਹਤਰ ਨਤੀਜੇ, ਕੰਪਨੀਆਂ ਕਰਨਾ ਚਾਹੁੰਦੀਆਂ ਹਨ ਸਥਾਈ ਰੂਪ ਨਾਲ ਲਾਗੂ