ਅਮਰੀਕਾ ਨੇ ਪੁਤਿਨ ਦੇ ਕਈ ਸਹਿਯੋਗੀਆਂ, ਪ੍ਰੈੱਸ ਸਕੱਤਰ 'ਤੇ ਲਗਾਈਆਂ ਨਵੀਆਂ ਪਾਬੰਦੀਆਂ
Friday, Mar 04, 2022 - 11:48 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਰੂਸ ਦੇ ਦਿੱਗਜ ਵਪਾਰਕ ਕਾਰੋਬਾਰੀਆਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀਆਂ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਰੂਸ ਦੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਉਸ ਨੂੰ ਅਲੱਗ-ਥਲੱਗ ਕਰਨ ਲਈ ਲਗਾਈਆਂ ਗਈਆਂ ਵਿਆਪਕ ਪਾਬੰਦੀਆਂ ਦੇ ਤਹਿਤ ਕੀਤੀ ਗਈ ਹੈ। ਇਹਨਾਂ ਪਾਬੰਦੀਆਂ ਦੇ ਦਾਇਰੇ ਵਿਚ ਪੁਤਿਨ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਅਤੇ ਅਲੀਸ਼ੇਰ ਬੁਰਹਾਨੋਵਿਚ ਉਸਮਾਨੋਵ ਹਨ, ਜੋ ਰੂਸ ਦੇ ਅਮੀਰ ਅਤੇ ਪੁਤਿਨ ਦੇ ਕਰੀਬੀ ਸਹਿਯੋਗੀਆਂ ਵਿੱਚੋਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ 'ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਵੀ ਕਿਹਾ ਕਿ ਉਹ 19 ਰੂਸੀ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਸਹਿਯੋਗੀਆਂ 'ਤੇ ਵੀਜ਼ਾ ਪਾਬੰਦੀਆਂ ਲਗਾ ਰਿਹਾ ਹੈ। ਬਾਈਡੇਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਮੰਤਰੀ ਮੰਡਲ ਨਾਲ ਬੈਠਕ ਦੀ ਸ਼ੁਰੂਆਤ 'ਚ ਕਿਹਾ ਕਿ ਟੀਚਾ ਪੁਤਿਨ ਅਤੇ ਰੂਸ 'ਤੇ ਵੱਧ ਤੋਂ ਵੱਧ ਪ੍ਰਭਾਵ ਪਾਉਣਾ ਅਤੇ ਆਪਣੇ ਆਪ 'ਤੇ, ਦੁਨੀਆ ਭਰ ਵਿਚ ਆਪਣੇ ਦੋਸਤਾਂ ਅਤੇ ਸਹਿਯੋਗੀਆਂ 'ਤੇ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਪਾਬੰਦੀ ਦੇ ਬਾਅਦ ਕੁਲੀਨ ਵਰਗ ਦੇ ਲੋਕ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਮਰੀਕੀ ਵਿੱਤੀ ਪ੍ਰਣਾਲੀ ਤੋਂ ਕੱਟ ਦਿੱਤਾ ਜਾਵੇਗਾ। ਉਸਮਾਨੋਵ ਅਤੇ ਹੋਰਾਂ ਦੀ ਅਮਰੀਕੀ ਜਾਇਦਾਦ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।