ਅਮਰੀਕਾ ''ਚ ਪਤੀ ਦੇ ਅੱਤਿਆਚਾਰਾਂ ਤੋਂ ਤੰਗ ਭਾਰਤੀ ਪਤਨੀ ਨੇ ਲਗਾਈ ਮਦਦ ਦੀ ਗੁਹਾਰ

Saturday, Feb 24, 2018 - 05:36 PM (IST)

ਵਾਸ਼ਿੰਗਟਨ(ਬਿਊਰੋ)—ਸਰਕਾਰ ਇਕ ਪਾਸੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਬੁਲੰਦ ਕਰ ਰਹੀ ਹੈ, ਉਥੇ ਹੀ ਛੱਤੀਗੜ੍ਹ ਦੇ ਬਿਲਾਸਪੁਰ ਜ਼ਿਲੇ ਦੀ ਇਕ ਐਨ.ਆਰ.ਆਈ ਧੀ ਅਮਰੀਕਾ ਵਿਚ ਫਸੀ ਮਦਦ ਦੀ ਗੁਹਾਰ ਲਗਾ ਰਹੀ ਹੈ।  ਬਿਲਾਸਪੁਰ ਨਿਵਾਸੀ 28 ਸਾਲ ਦੀ ਮੇਹਰ ਨਿਧੀ ਨੇ ਟਵਿਟਰ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਮਦਦ ਦੀ ਗੁਹਾਰ ਲਗਾਈ ਹੈ। ਹਾਲਾਂਕਿ ਹੁਣ ਤੱਕ ਨਾ ਤਾਂ ਵਿਦੇਸ਼ ਮੰਤਰੀ ਵੱਲੋਂ ਉਸ ਨੂੰ ਕੋਈ ਭਰੋਸਾ ਮਿਲਿਆ ਹੈ ਅਤੇ ਨਾ ਹੀ ਕੋਈ ਮਦਦ। ਨਿਧੀ ਨੇ ਉਥੇ ਸਥਾਨਕ ਪੁਲਸ ਅਤੇ ਭਾਰਤੀ ਅੰਬੈਸੀ ਨੂੰ ਵੀ ਮਦਦ ਦੀ ਗੁਹਾਰ ਲਗਾਈ ਹੈ। ਔਰਤ ਨੇ ਵੀਡੀਓ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਅਦਾਲਤ ਨੇ ਉਸ ਦਾ ਵੀਜ਼ਾ ਅਤੇ ਪਾਸਪੋਰਟ ਵੀ ਜ਼ਬਤ ਕਰ ਲਿਆ ਹੈ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਹ ਆਪਣੇ ਦੇਸ਼ ਪਰਤਣਾ ਚਾਹੁੰਦੀ ਹੈ।
ਦਰਅਸਲ ਮਾਮਲਾ ਅਮਰੀਕਾ ਦੇ ਬਾਲਟੀਮੋਰ ਸ਼ਹਿਰ ਦਾ ਹੈ। ਜਿੱਥੇ 4 ਸਾਲ ਦੇ ਮਾਸੂਮ ਬੇਟੇ ਨਾਲ ਇਕ ਭਾਰਤੀ ਮਾਂ ਬੀਤੇ 8 ਮਹੀਨੇ ਤੋਂ ਬਿਨਾਂ ਵੀਜ਼ਾ ਦੇ ਰਹਿ ਰਹੀ ਹੈ। ਮਹਿਲਾ ਦਾ ਨਾਂ ਨਿਧੀ ਹੈ। ਉਸ ਨੇ ਆਪਣੇ ਪਤੀ ਡੀ ਰਵੀਸ਼ੰਕਰ 'ਤੇ ਘਰੋਂ ਕੱਢ ਦੇਣ ਦਾ ਦੋਸ਼ ਲਗਾਇਆ ਹੈ। ਉਥੇ ਹੀ ਪਤੀ ਨੇ ਮਹਿਲਾ 'ਤੇ ਆਪਣੇ ਬੱਚੇ ਨੂੰ ਲੈ ਕੇ ਦੌੜਨ ਅਤੇ ਤਲਾਕ ਲੈਣ ਦਾ ਅਦਾਲਤ ਵਿਚ ਕੇਸ ਦਰਜ ਕਰਵਾ ਕੇ ਅਦਾਲਤ ਤੋਂ ਬੱਚੇ ਦੀ ਕਸਟੱਡੀ ਵੀ ਲੈ ਲਈ ਹੈ। ਮਹਿਲਾ ਨੇ ਵੀਡੀਓ ਵਿਚ ਦੱਸਿਆ ਹੈ ਰਵੀਸ਼ੰਕਰ ਨੇ ਅਮਰੀਕਾ ਵਿਚ ਉਸ 'ਤੇ ਆਪਣੇ ਬੇਟੇ ਨੂੰ ਲੈ ਕੇ ਦੌੜਨ ਅਤੇ ਤਲਾਕ ਦਾ ਝੂਠਾ ਦੋਸ਼ ਲਗਾ ਕੇ ਕਾਨੂੰਨੀ ਪ੍ਰਕਿਰਿਆ ਵਿਚ ਫਸਾ ਦਿੱਤਾ। ਜਿਸ ਤੋਂ ਬਾਅਦ ਅਦਾਲਤ ਨੇ ਉਸ ਦਾ ਅਤੇ ਉਸ ਦੇ ਬੱਚੇ ਦਾ ਪਾਸਪੋਰਟ ਜ਼ਬਤ ਕਰ ਲਿਆ। ਅਮਰੀਕੀ ਅਦਾਲਤ ਨੇ ਬੱਚੇ ਨੂੰ ਇਕ-ਇਕ ਹਫਤੇ ਲਈ ਵਾਰੀ-ਵਾਰੀ ਨਾਲ ਮਾਂ ਅਤੇ ਪਿਤਾ ਕੋਲ ਰਹਿਣ ਦਾ ਹੁਕਮ ਦਿੱਤਾ।
ਬਿਲਾਸਪੁਰ ਵਿਚ ਰਹਿ ਰਹੇ ਨਿਧੀ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਅਤੇ ਪੋਤਾ ਸੁਰੱਖਿਅਤ ਘਰ ਵਾਪਸ ਪਰਤ ਆਉਣ। ਪੀੜਤ ਪਰਿਵਾਰ ਨੇ ਪੀ. ਐਮ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰ ਕੇ ਮਦਦ ਦੀ ਗੁਹਾਰ ਲਗਾਈ ਹੈ। ਨਿਧੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ 2012 ਵਿਚ ਵਿਸ਼ਾਖਾਪਟਨਮ ਦੇ ਰਹਿਣ ਵਾਲੇ 36 ਸਾਲਾਂ ਡੀ ਰਵੀਸ਼ੰਕਰ ਨਾਲ ਹੋਇਆ ਸੀ। ਰਵੀਸ਼ੰਕਰ ਅਮਰੀਕਾ ਵਿਚ ਬਾਲਟੀਮੋਰ ਸ਼ਹਿਰ ਵਿਚ ਇਕ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਉਹ ਗ੍ਰੀਨਕਾਰਡ ਧਾਰਕ ਹੈ। ਵਿਆਹ ਦੇ 1 ਮਹੀਨੇ ਬਾਅਦ ਪਤੀ-ਪਤਨੀ ਵਿਚਕਾਰ ਤਣਾਅ ਸ਼ੁਰੂ ਹੋ ਗਿਆ। ਹੌਲੀ-ਹੌਲੀ ਰਵੀਸ਼ੰਕਰ ਆਪਣੀ ਪਤਨੀ ਮੇਹਰ ਨਿਧੀ ਨੂੰ ਸਰੀਰਕ ਅਤੇ ਮਾਨਸਿਕ ਰੂਪ ਤੋਂ ਤੰਗ ਕਰਨ ਲੱਗਾ। ਨਿਧੀ ਅਤੇ ਰਵੀ ਦਾ ਇਕ ਬੱਚਾ ਵੀ ਹੋਇਆ। ਵਿਵਾਦ ਵਧਣ 'ਤੇ ਉਸ ਦੇ ਪਿਤਾ ਅਮਰੀਕਾ ਗਏ ਅਤੇ ਬੇਟੀ ਅਤੇ ਪੋਤੇ ਨੂੰ ਵਾਪਸ ਲੈ ਆਏ। ਇਕ ਸਾਲ ਇੱਥੇ ਰਹਿਣ ਤੋਂ ਬਾਅਦ ਨਿਧੀ ਨੇ ਅਪਾਣੇ ਪਤੀ ਨੂੰ ਵੀਜ਼ਾ ਰੀਨਿਊ ਕਰਾਉਣ ਨੂੰ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ।
ਨਿਧੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਨੇ 18 ਲੱਖ ਰੁਪਏ ਦਾ ਐਜੂਕੇਸ਼ਨ ਲੋਨ ਲਿਆ ਅਤੇ ਦੋਵਾਂ ਨੂੰ ਅਮਰੀਕਾ ਛੱਡਣ ਗਏ। ਅੱਗੇ ਉਨ੍ਹਾਂ ਇਹ ਵੀ ਦੱਸਿਆ ਪਿਤਾ ਦੇ ਵਾਪਸ ਪਰਤਦੇ ਹੀ ਜੁਆਈ ਨੇ ਧੀ ਅਤੇ ਪੋਤੇ ਨੂੰ ਘਰੋਂ ਕੱਢ ਦਿੱਤਾ। ਉਦੋਂ ਤੋਂ ਲੈ ਕੇ ਹੁਣ ਨਿਧੀ ਆਪਣੇ ਬੇਟੇ ਨਾਲ ਵੱਖ ਰਹਿ ਰਹੀ ਹੈ। ਜਾਣਕਾਰੀ ਮੁਤਾਬਕ 9 ਜੂਨ 2017 ਨੂੰ ਨਿਊਜਰਸੀ ਸਮਰਸੈਟ ਸਥਿਤ ਸੁਪੀਰੀਅਰ ਅਦਾਲਤ ਨੇ ਇਕ ਹੁਕਮ ਜਾਰੀ ਕੀਤਾ। ਅਦਾਲਤ ਦਾ ਹੁਕਮ ਈ-ਮੇਲ ਜ਼ਰੀਏ ਭੇਜਿਆ ਗਿਆ। ਇਸ ਵਿਚ ਸਾਫ ਲਿਖਿਆ ਹੈ ਕਿ ਨਿਧੀ ਅਤੇ ਉਸ ਦਾ ਬੇਟਾ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਅਦਾਲਤ ਦੇ ਹੁਕਮ ਦੇ ਬਾਅਦ ਕਾਨੂੰਨੀ ਸਹਾਇਤਾ ਲਈ ਨਿਧੀ ਨੇ ਅੰਬੈਸੀ ਨਾਲ ਸੰਪਰਕ ਕੀਤਾ, ਪਰ ਉਸ ਨੂੰ ਕੋਈ ਕਾਨੂੰਨੀ ਮਦਦ ਨਹੀਂ ਮਿਲੀ। ਉਥੇ ਹੀ ਇਸ ਮਾਮਲੇ ਵਿਚ ਬਿਲਾਸਪੁਰ ਦੇ ਇਕ ਸੰਸਦ ਮੈਂਬਰ ਲਖਨਲਾਲ ਦਾ ਕਹਿਣਾ ਹੈ ਕਿ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ ਹੈ। ਉਹ ਮਾਮਲੇ ਨੂੰ ਧਿਆਨ ਵਿਚ ਲੈ ਰਹੀ ਹੈ। ਉਥੇ ਹੀ ਬਿਲਾਸਪੁਰ ਐਸ.ਪੀ ਆਰਿਫ ਸ਼ੇਖ ਨੇ ਕਿਹਾ ਕਿ ਮਾਮਲੇ ਨੂੰ ਉਚ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਨਿਧੀ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।


Related News