ਅਮਰੀਕਾ : ਸ਼ਟਡਾਊਨ ਖਤਮ ਕਰਨ ਲਈ ਦੋ ਬਿੱਲਾਂ ਨੂੰ ਮਨਜ਼ੂਰੀ
Friday, Jan 04, 2019 - 11:43 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਦੋ ਹਫਤਿਆਂ ਦਾ ਅੰਸ਼ਕ ਸਰਕਾਰੀ ਸ਼ਟਡਾਊਨ ਖਤਮ ਹੋ ਗਿਆ। ਇਸ ਸ਼ਟਡਾਊਨ ਨੂੰ ਖਤਮ ਕਰਨ ਲਈ ਵੀਰਵਾਰ ਨੂੰ ਸੰਸਦ ਵਿਚ ਬਹੁਮਤ ਪ੍ਰਾਪਤ ਡੈਮੋਕ੍ਰੇਟਸ ਨੇ ਦੋ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ ਹਾਲੇ ਵੀ ਗਤੀਰੋਧ ਬਣਿਆ ਹੋਇਆ ਹੈ ਕਿਉਂਕਿ ਦੋਹਾਂ ਬਿੱਲਾਂ ਵਿਚ ਰਾਸ਼ਟਰਪਤੀ ਟਰੰਪ ਨੂੰ ਮੈਕਸੀਕੋ ਸੀਮਾ 'ਤੇ ਕੰਧ ਬਣਾਉਣ ਲਈ ਪੈਸਾ ਨਹੀਂ ਦਿੱਤਾ ਗਿਆ। ਇਹ ਸ਼ਟਡਾਊਨ ਦੋ ਹਫਤੇ ਪਹਿਲਾਂ ਵੱਖ-ਵੱਖ ਫੈਡਰਲ ਏਜੰਸੀਆਂ ਵਿਚ ਸ਼ੁਰੂ ਹੋਇਆ ਸੀ। ਬਿੱਲ ਦੇ ਤਹਿਤ ਜਿੱਥੇ ਰਾਜ, ਖੇਤੀਬਾੜੀ, ਕਿਰਤ, ਖਜ਼ਾਨਾ ਅਤੇ ਹੋਰ ਏਜੰਸੀਆਂ ਦੇ ਵਿਭਾਗਾਂ ਨੂੰ ਮੌਜੂਦਾ ਵਿੱਤੀ ਸਾਲ ਦੀ ਸਮਾਪਤੀ ਤੱਕ ਮਤਲਬ 30 ਸਤੰਬਰ ਤੱਕ ਫੰਡ ਜਾਰੀ ਕੀਤਾ ਜਾਵੇਗਾ। ਉੱਥੇ ਕੰਧ ਬਣਾਉਣ ਲਈ ਫੰਡ ਜਾਰੀ ਨਹੀਂ ਕੀਤਾ ਗਿਆ।
ਡੈਮੋਕ੍ਰੇਟ ਸੰਸਦ ਮੈਂਬਰਾਂ ਵੱਲੋਂ ਵੋਟਿੰਗ ਕਰਵਾਏ ਜਾਣ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਸਲਾਹਕਾਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਸੀ ਜੇ ਕਾਂਗਰਸ ਇਸ ਨੂੰ ਅਮਰੀਕਾ-ਮੈਕਸੀਕੋ ਸੀਮਾ 'ਤੇ ਟਰੰਪ ਦੇ ਪ੍ਰਸਤਾਵਿਤ ਕੰਧ ਬਣਾਉਣ ਦੇ ਵਾਧੂ ਬਜ਼ਟ ਨੂੰ ਪਾਸ ਨਹੀਂ ਕਰਦੀ ਤਾਂ ਉਹ ਵੀਟੋ ਦੀ ਵਰਤੋਂ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ 'ਤੇ ਲਗਾਮ ਲਗਾਉਣ ਲਈ ਕੰਧ ਬਣਾਉਣ ਲਈ ਪੈਸੇ ਜਾਰੀ ਕਰਨ ਦੀ ਮੰਗ 'ਤੇ ਅੜੇ ਪਏੇ ਹਨ, ਜਿਸ ਨੂੰ ਲੈ ਕੇ ਅੰਸ਼ਕ ਸ਼ਟਡਾਊਨ ਹੋ ਗਿਆ ਸੀ।
ਇਸ ਵਿਚਕਾਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਟਰੰਪ ਨੇ ਟਵੀਟ ਕੀਤਾ ਸੀ ਕਿ ਡੈਮੋਕ੍ਰੇਟਸ ਹਮੇਸ਼ਾ ਦੀ ਤਰ੍ਹਾਂ ਫਿਰ ਅਜਿਹਾ ਬਿੱਲ ਲਿਆਉਣਗੇ ਜਿਸ ਵਿਚ ਸੀਮਾ ਸੁਰੱਖਿਆ ਲਈ ਕੁਝ ਨਹੀਂ ਹੋਵੇਗਾ। ਮਤਲਬ ਕੰਧ ਲਈ ਧਨ ਦੇ ਇਲਾਵਾ ਸਭ ਕੁਝ ਹੋਵੇਗਾ। ਕੰਧ ਬਣਾਏ ਬਿਨਾ ਸੀਮਾ ਸੁਰੱਖਿਅਤ ਨਹੀਂ ਹੋ ਸਕਦੀ। ਅਮਰੀਕਾ ਵਿਚ ਚੱਲ ਰਹੇ ਗਤੀਰੋਧ ਦੇ ਕਾਰਨ ਟਰੰਪ ਫਲੋਰੀਡਾ ਗੋਲਫ ਰਿਜ਼ੋਰਟ ਵਿਚ ਸਾਲਾਨਾ ਛੁੱਟੀਆਂ ਮਨਾਉਣ ਦੀ ਜਗ੍ਹਾ ਸਾਲ ਦੇ ਅਖੀਰ ਵਿਚ ਵ੍ਹਾਈਟ ਹਾਊਸ ਵਿਚ ਰੁੱਕੇ ਰਹੇ।