ਇਥੋਪੀਆ ਪਹੁੰਚੀ ਇਵਾਂਕਾ ਟਰੰਪ, ਕੀਤਾ ਮਹਿਲਾ ਮਜ਼ਬੂਤੀਕਰਨ ਦਾ ਪ੍ਰਚਾਰ
Monday, Apr 15, 2019 - 10:17 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਅਤੇ ਸੀਨੀਅਰ ਸਹਾਇਕ ਇਵਾਂਕਾ ਟਰੰਪ ਚਾਰ ਦਿਨੀਂ ਦੌਰੇ 'ਤੇ ਹੈ। ਇਵਾਂਕਾ ਆਪਣੀ ਇਥੋਪੀਆ ਅਤੇ ਆਈਵਰੀ ਕੋਸਟ ਦੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਇਥੋਪੀਆ ਪਹੁੰਚੀ। ਇੱਥੇ ਇਵਾਂਕਾ ਟਰੰਪ ਔਰਤਾਂ ਲਈ ਵ੍ਹਾਈਟ ਹਾਊਸ ਗਲੋਬਲ ਆਰਥਿਕ ਪ੍ਰੋਗਰਾਮ ਦਾ ਪ੍ਰਚਾਰ ਕਰ ਰਹੀ ਹੈ।
ਇੱਥੇ ਉਨ੍ਹਾਂ ਨੇ ਐਤਵਾਰ ਨੂੰ ਮਹਿਲਾ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਜਾਣਕਾਰੀਆਂ ਲਈਆਂ। ਇਵਾਂਕਾ ਟਰੰਪ ਨੇ ਅਦੀਸ ਅਬਾਬਾ ਵਿਚ ਇਕ ਕਾਫੀ ਸ਼ਾਪ ਅਤੇ ਕੱਪੜਾ ਨਿਰਮਾਣ ਨਾਲ ਜੁੜੀ ਕੰਪਨੀ ਦਾ ਦੌਰਾ ਕੀਤਾ।
ਇਵਾਂਕਾ ਦੀ ਯਾਤਰਾ ਦਾ ਉਦੇਸ਼ ਮਹਿਲਾ ਕਾਰੋਬਾਰੀਆਂ ਦਾ ਸੰਘਰਸ਼ ਸਮਝਣਾ ਅਤੇ ਉਨ੍ਹਾਂ ਨੂੰ ਮਦਦ ਪਹੁੰਚਾਉਣਾ ਹੈ। ਇਵਾਂਕਾ ਨੇ ਇੱਥੇ ਰਵਾਇਤੀ ਕਾਫੀ ਸਮਾਰੋਹ ਵਿਚ ਹਿੱਸਾ ਲਿਆ। ਇੱਥੇ ਉਨ੍ਹਾਂ ਨੇ ਨਵੀਂ ਵਿੱਤੀ ਮਦਦ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ,''ਔਰਤਾਂ ਲਈ ਨਿਵੇਸ਼ ਕਰਨਾ ਇਕ ਚੰਗੀ ਵਿਕਾਸ ਨੀਤੀ ਹੈ ਅਤੇ ਬਿਹਤਰ ਕਾਰੋਬਾਰ ਹੈ।''
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਤੋਂ ਵੁਮਨਜ਼ ਗਲੋਬਲ ਡਿਵੈਲਪਮੈਂਟ ਐਂਡ ਪ੍ਰੋਸਪੈਰਿਟੀ ਇਨੀਸ਼ੀਏਟਿਵ ਸ਼ੁਰੂ ਕੀਤੀ ਹੈ ਉਦੋਂ ਤੋਂ ਇਵਾਂਕਾ ਦੀ ਇਹ ਪਹਿਲੀ ਅਫਰੀਕਾ ਯਾਤਰਾ ਹੈ।