ਰੂਸ ਨੂੰ ਅਮਰੀਕੀ ਨਾਗਰਿਕਾਂ ਤੋਂ ਪੁੱਛਗਿੱਛ ਦੀ ਇਜਾਜ਼ਤ ਨਹੀਂ ਦੇਵੇਗਾ ਪ੍ਰਸ਼ਾਸਨ : ਪੋਂਪਿਓ
Friday, Jul 20, 2018 - 02:31 PM (IST)
ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਰੂਸ ਨੂੰ ਕਿਸੇ ਵੀ ਅਮਰੀਕੀ ਨਾਗਰਿਕ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਪੋਂਪਿਓ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਦੀ ਜਾਂਚ ਦੇ ਸੰਬੰਧ ਵਿਚ ਅਮਰੀਕਾ ਉਨ੍ਹਾਂ ਦੀ ਅਜਿਹੀ ਕਿਸੇ ਵੀ ਅਪੀਲ ਨੂੰ ਸਵੀਕਾਰ ਕਰੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੇਲਸਿੰਕੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਂਝੇ ਤੌਰ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪ੍ਰਸਤਾਵ ਰੱਖਿਆ ਸੀ ਕਿ ਜੇ ਅਮਰੀਕਾ ਆਪਣੇ ਕੁਝ ਲੋਕਾਂ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਰੂਸ ਨੂੰ ਦਿੰਦਾ ਹੈ ਤਾਂ ਅਜਿਹੀ ਸਥਿਤੀ ਵਿਚ ਵਿਸ਼ੇਸ਼ ਵਕੀਲ ਰੌਬਰਟ ਮੂਲਰ ਦੀ ਟੀਮ ਮਾਮਲੇ ਵਿਚ ਦੋਸ਼ੀ ਬਣਾਏ ਗਏ 12 ਰੂਸੀ ਏਜੰਟਾਂ ਨਾਲ ਗੱਲਬਾਤ ਕਰਨ ਰੂਸ ਆ ਸਕਦੀ ਹੈ।
ਰੂਸ ਅਮਰੀਕਾ ਦੇ ਜਿਹੜੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨਾ ਚਾਹੁੰਦਾ ਹੈ, ਉਨ੍ਹਾਂ ਵਿਚ ਜਨਵਰੀ 2012 ਤੋਂ ਫਰਵਰੀ 2014 ਤੱਕ ਰੂਸ ਵਿਚ ਅਮਰੀਕਾ ਦੇ ਰਾਜਦੂਤ ਰਹੇ ਮਿਚੇਲ ਮੈਕਫਾਲ ਅਤੇ ਰੂਸ ਵਿਰੁੱਧ ਨਵੀਆਂ ਪਾਬੰਦੀਆਂ ਨੂੰ ਲੈ ਕੇ ਅਮਰੀਕੀ ਸਰਕਾਰ ਲਈ ਲਾਬਿੰਗ ਕਰਨ ਵਾਲੇ ਨਿਵੇਸ਼ਕ ਬਿੱਲ ਬ੍ਰੋਡਰ ਸ਼ਾਮਲ ਹਨ। ਪੁਤਿਨ ਵੱਲੋਂ ਇਹ ਪ੍ਰਸਤਾਵ ਰੱਖੇ ਜਾਣ ਮਗਰੋਂ ਹੀ ਅਮਰੀਕਾ ਵਿਚ ਇਸ ਨੂੰ ਲੈ ਕੇ ਤਿੱਖੀ ਬਹਿਸ ਚੱਲ ਰਹੀ ਹੈ।
