ਚੀਨ ''ਚ ਜ਼ਬਰੀ ਗਰਭਪਾਤ ਦੇ ਵਿਰੋਧ ''ਚ ਅਮਰੀਕਾ ਨੇ ਰੋਕੀ UNFPA ਦੀ ਫੰਡਿੰਗ

07/17/2019 12:38:14 PM

ਵਾਸ਼ਿੰਗਟਨ (ਭਾਸ਼ਾ)— ਚੀਨ ਵਿਚ ਜ਼ਬਰਦਸਤੀ ਗਰਭਪਾਤ ਕੀਤੇ ਜਾਣ ਦਾ ਵਿਰੋਧ ਕਰਦਿਆਂ ਅਮਰੀਕਾ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਨੂੰ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਮੁੜ ਰੋਕ ਦੇਵੇਗਾ। ਅਮਰੀਕਾ ਦੇ ਇਸ ਫੈਸਲੇ ਦੇ ਬਾਅਦ ਏਜੰਸੀ ਨੇ ਉਸ 'ਤੇ ਔਰਤਾਂ ਦੀ ਸਿਹਤ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਅਮਰੀਕਾ ਨੇ ਏਜੰਸੀ 'ਤੇ ਚੀਨ ਨਾਲ ਮਿਲ ਕੇ ਜ਼ਬਰੀ ਗਰਭਪਾਤ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਹੈ। 

ਲਗਾਤਾਰ ਤੀਜੇ ਸਾਲ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੰਸਥਾ ਵਿਚ ਯੋਗਦਾਨ ਦੇਣ ਤੋਂ ਇਨਕਾਰ ਕੀਤਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਟਰੰਪ ਪ੍ਰਸ਼ਾਸਨ ਆਪਣੇ ਈਸਾਈ ਦੇਸ਼ ਲਈ ਮੁੱਖ ਮੁੱਦਾ ਬਣ ਚੁੱਕੇ ਗਰਭਪਾਤ ਵਿਰੁੱਧ ਲੜਾਈ ਲੜ ਰਿਹਾ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ,''ਚੀਨ ਦੀਆਂ ਪਰਿਵਾਰ ਨਿਯੋਜਨ ਨੀਤੀਆਂ ਵਿਚ ਹੁਣ ਵੀ ਜ਼ਬਰੀ ਗਰਭਪਾਤ ਅਤੇ ਬਿਨਾਂ ਇੱਛਾ ਦੇ ਨਸਬੰਦੀ ਸ਼ਾਮਲ ਹੈ। ਅਮਰੀਕੀ ਕਾਨੂੰਨ ਮੁਤਾਬਕ ਇਨ੍ਹਾਂ ਹਾਲਤਾਂ ਵਿਚ ਫੰਡਿੰਗ ਰੋਕਣ ਦੀ ਲੋੜ ਹੈ।'' 

ਫਿਲਹਾਲ ਯੂ.ਐੱਨ.ਐੱਫ.ਪੀ.ਏ. ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਜ਼ੋਰ-ਜ਼ਬਰਦਸਤੀ ਵਾਲੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ। ਅਮਰੀਕਾ ਨੇ ਚੀਨ ਵਿਚ ਉਸ ਦੇ ਦਫਤਰ ਦਾ ਕਦੇ ਨਿਰੀਖਣ ਨਹੀਂ ਕੀਤਾ। ਏਜੰਸੀ ਨੇ ਇਕ ਬਿਆਨ ਵਿਚ ਅਮਰੀਕਾ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ,''ਇਹ ਮੰਦਭਾਗਾ ਫੈਸਲਾ ਦੁਨੀਆ ਭਰ ਵਿਚ ਲੱਖਾਂ ਔਰਤਾਂ ਅਤੇ ਕੁੜੀਆਂ ਦੀ ਸਿਹਤ ਤੇ ਜ਼ਿੰਦਗੀ ਦੀ ਰੱਖਿਆ ਕਰਨ ਵਿਚ ਯੂ.ਐੱਨ.ਐੱਫ.ਪੀ.ਏ. ਦੇ ਮੁੱਖ ਕੰਮ ਵਿਚ ਰੁਕਾਵਟ ਪਾਵੇਗਾ।'' 

ਚੀਨ ਨੇ ਤੇਜ਼ੀ ਨਾਲ ਵੱਧਦੀ ਆਬਾਦੀ 'ਤੇ ਲਗਾਮ ਲਗਾਉਣ ਲਈ 1970 ਵਿਚ ਇਕ ਬੱਚੇ ਦੀ ਨੀਤੀ ਲਾਗੂ ਕਰ ਦਿੱਤੀ ਸੀ ਜਿਸ ਨਾਲ ਵੱਡੇ ਪੱਧਰ 'ਤੇ ਜ਼ਬਰਦਸਤੀ ਗਰਭਪਾਤ ਅਤੇ ਨਸਬੰਦੀ ਕੀਤੀ ਗਈ। ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ 2016 ਵਿਚ ਅਮਰੀਕਾ ਨੇ ਯੂ.ਐੱਨ.ਐੱਫ.ਪੀ.ਏ. ਨੂੰ 6.3 ਕਰੋੜ ਡਾਲਰ ਤੋਂ ਵੱਧ ਰਾਸ਼ੀ ਦਿੱਤੀ ਸੀ। ਉਹ ਬ੍ਰਿਟੇਨ ਅਤੇ ਸਵੀਡਨ ਦੇ ਬਾਅਦ ਤੀਜਾ ਸਭ ਤੋਂ ਵੱਡਾ ਦਾਨੀ ਸੀ।


Vandana

Content Editor

Related News