ਟਰੰਪ ਨੇ ਉਮਰ ਦੀ ਮੁਆਫੀ ਨੂੰ ਦੱਸਿਆ ''ਬੇਕਾਰ'', ਮੰਗਿਆ ਅਸਤੀਫਾ

Wednesday, Feb 13, 2019 - 04:24 PM (IST)

ਟਰੰਪ ਨੇ ਉਮਰ ਦੀ ਮੁਆਫੀ ਨੂੰ ਦੱਸਿਆ ''ਬੇਕਾਰ'', ਮੰਗਿਆ ਅਸਤੀਫਾ

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ ਵਿਚ ਸ਼ਾਮਲ ਪਹਿਲੀਆਂ ਦੋ ਮੁਸਲਿਮ ਔਰਤਾਂ ਵਿਚੋਂ ਇਕ ਇਲਹਾਨ ਅਬਦੁੱਲਾਹੀ ਉਮਰ ਵੱਲੋਂ ਕੀਤੀ ਆਪਣੀ ਟਿੱਪਣੀ 'ਤੇ ਮੰਗੀ ਗਈ ਮੁਆਫੀ ਨੂੰ 'ਬੇਕਾਰ' ਦੱਸਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਮਿਨੇਸੋਟਾ ਦੀ ਪ੍ਰਤੀਨਿਧੀ ਉਮਰ ਨੇ ਹਫਤੇ ਦੇ ਅਖੀਰ ਵਿਚ ਟਵੀਟ ਕਰ ਅਮੇਰਿਕਨ ਇਜ਼ਰਾਇਲ ਪਬਲਿਕ ਅਫੇਅਰਸਜ਼ ਜਾਂ ਏ.ਆਈ.ਪੀ.ਏ.ਸੀ. ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ 100 ਡਾਲਰ ਦੇ ਨੋਟਾਂ ਲਈ ਬੋਲਚਾਲ ਦੀ ਭਾਸ਼ਾ (ਸਲੈਂਗ) ਦੀ ਵਰਤੋਂ ਕਰਦਿਆਂ ਕਿਹਾ ਸੀ,''ਇਹ ਬੇਂਜਾਮਿਨ ਬੇਬੀ' ਦੇ ਬਾਰੇ ਵਿਚ ਹੈ।'' 

37 ਸਾਲਾ ਉਮਰ ਨੇ ਇਕ ਰੀਪਬਲਿਕਨ ਆਲੋਚਕ ਨੂੰ ਜਵਾਬ ਦਿੰਦੇ ਹੋਏ ਬੇਂਜਾਮਿਨ ਫ੍ਰੈਂਕਲਿਨ ਦੀ ਤਸਵੀਰ ਵਾਲੇ 100 ਡਾਲਰ ਦੇ ਨੋਟ ਦਾ ਜ਼ਿਕਰ ਕਰਦਿਆਂ ਇਹ ਟਿੱਪਣੀ ਕੀਤੀ ਸੀ। ਟਰੰਪ ਨੇ ਇਸ ਨੂੰ ਇਕ ਭਿਆਨਕ ਬਿਆਨ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਜਾਂ ਤਾਂ ਕਾਂਗਰਸ ਜਾਂ ਹਾਊਸ ਫੌਰੇਨ ਅਫੇਅਰਜ਼ ਕਮੇਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੋ ਵੀ ਉਨ੍ਹਾਂ ਨੇ ਕਿਹਾ, ਉਹ ਗੱਲ ਉਨ੍ਹਾਂ ਦੇ ਦਿਲ ਵਿਚ ਡੂੰਘਾਈ ਤੱਕ ਬੈਠੀ ਹੋਈ ਹੈ।'' ਟਰੰਪ ਨੇ ਕਿਹਾ ਕਿ ਉਮਰ ਦੀ ਮੁਆਫੀ ਬੇਕਾਰ ਹੈ। 

ਉਮਰ ਨੇ ਮੁਆਫੀ ਮੰਗਦਿਆਂ ਕਿਹਾ ਸੀ ਕਿ ਯਹੂਦੀ ਅਮਰੀਕੀਆਂ ਸਮੇਤ ਉਹ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ। ਮੰਗਲਵਾਰ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਵੀ ਉਮਰ ਦੇ ਬਿਆਨ ਦੀ ਆਲੋਚਨਾ ਕੀਤੀ ਸੀ।


author

Vandana

Content Editor

Related News