''ਈਰਾਨ ਸਰਕਾਰ ਵੱਲੋਂ 1000 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਦਾ ਖਦਸ਼ਾ''

12/06/2019 2:10:30 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਈਰਾਨ ਵਿਚ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਕਾਰਵਾਈ ਵਿਚ ਈਰਾਨ ਸਰਕਾਰ ਨੇ ਸੰਭਵ ਤੌਰ 'ਤੇ 1000 ਤੋਂ ਵੱਧ ਨਾਗਰਿਕਾਂ ਦੀ ਹੱਤਿਆ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਵਿਸ਼ੇਸ਼ ਪ੍ਰਤੀਨਿਧੀ ਬ੍ਰਾਇਨ ਹੁਕ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ,''ਈਰਾਨ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਸੰਭਵ ਹੈ ਕਿ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਈਰਾਨੀ ਸਰਕਾਰ ਨੇ ਕਾਰਵਾਈ ਵਿਚ ਸੰਭਵ ਤੌਰ 'ਤੇ 1000 ਤੋਂ ਵੱਧ ਈਰਾਨੀ ਨਾਗਰਿਕਾਂ ਦੀ ਹੱਤਿਆ ਕੀਤੀ ਹੋ ਸਕਦੀ ਹੈ।'' 

ਸਰਕਾਰ ਵੱਲੋਂ ਬਾਲਣ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਅਦ 15 ਨਵੰਬਰ ਤੋਂ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹੁਕ ਨੇ ਕਿਹਾ ਕਿ ਅਮਰੀਕਾ ਨੂੰ ਕਿਸੇ ਸਾਈਟ ਤੋਂ 32000 ਵੀਡੀਓ ਫੁਟੇਜ ਮਿਲੇ ਹਨ ਜੋ ਈਰਾਨ ਸਰਕਾਰ ਦੀ ਬੇਰਹਿਮੀ ਦਾ ਖੁਲਾਸਾ ਕਰਦੇ ਹਨ। ਵਿਦੇਸ਼ ਮੰਤਰਾਲੇ ਇਸ ਵਿਚ ਹਰ ਫੁਟੇਜ ਦੀ ਜਾਂਚ ਕਰ ਰਿਹਾ ਹੈ। ਕਿਸੇ ਫੁਟੇਜ ਦਾ ਹਵਾਲਾ ਦਿੰਦੇ ਹੋਏ ਹੁਕ ਨੇ ਕਿਹਾ ਕਿ ਦੱਖਣੀ ਪਛਮੀ ਈਰਾਨ ਦੇ ਸ਼ਹਿਰ ਮਸ਼ਹਰ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ ਕਰਨ 'ਤੇ ਇਸਲਾਮਿਕ ਰੈਵੋਲੂਸ਼ਨਰੀ ਸੁਰੱਖਿਆ ਬਲਾਂ ਨੇ ਬਿਨਾਂ ਚਿਤਾਵਨੀ ਦਿੱਤੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ। 

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਵਿਚ ਹਜ਼ਾਰਾਂ ਈਰਾਨੀ ਨਾਗਰਿਕ ਜ਼ਖਮੀ ਹੋ ਗਏ ਹਨ ਅਤੇ ਘੱਟੋ-ਘੱਟ 7000 ਪ੍ਰਦਰਸ਼ਨਕਾਰੀ ਹਿਰਾਸਤ ਵਿਚ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਅਤੇ ਵਿਦੇਸ਼ ਮੰਤਰਾਲੇ ਇਸ 'ਤੇ ਨੋਟਿਸ ਲੈਂਦੇ ਹੋਏ ਇਸ ਦੀ ਜਾਣਕਾਰੀ ਕਾਂਗਰਸ ਨੂੰ ਦੇਵੇਗਾ।


Vandana

Content Editor

Related News