ਯੂਨੀਵਰਸਿਟੀ ਆਫ਼ ਕੈਲਗਰੀ ਦੇ ਸੈਨੇਟਰ ਬਣੇ ਅਮਨਜੋਤ ਸਿੰਘ ਪਨੂੰ
Saturday, Jul 13, 2024 - 08:21 AM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੇ ਜਾਣੇ ਪਛਾਣੇ ਅਮਨਜੋਤ ਸਿੰਘ ਪਨੂੰ ਦੀ ਨਾਮਜ਼ਦਗੀ ਬਤੌਰ ਸੈਨੇਟਰ ਵਜੋਂ ਹੋਈ ਹੈ। ਅਲਬਰਟਾ ਸੂਬੇ ਦੀ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਵੱਲੋਂ ਪਹਿਲੀ ਜੁਲਾਈ 2024 ਤੋਂ ਕੀਤੀ ਗਈ ਇਹ ਨਾਮਜ਼ਦਗੀ ਅਗਲੇ ਤਿੰਨ ਸਾਲਾਂ ਲਈ ਹੈ।
ਦੱਸਣਯੋਗ ਹੈ ਕਿ ਕੁੱਲ 62 ਵੱਖ-ਵੱਖ ਮੈਂਬਰਾਂ ਵਿੱਚੋਂ ਪਨੂੰ ਮੌਜੂਦਾ ਸੈਨੇਟ ਦੇ ਦੂਸਰੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ। ਪਨੂੰ ਨੇ ਆਪਣੀ ਨਾਮਜ਼ਦਗੀ ਪ੍ਰਤੀ ਮਨਿਸਟਰ ਸਾਹਨੀ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਉਹ ਯੂਨੀਵਰਸਿਟੀ ਦਾ ਸਥਾਨਕ ਭਾਈਚਾਰੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ ਤੇ ਜ਼ੋਰ ਦੇਣਗੇ ਉੱਥੇ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਬਣਾ ਕੇ ਕੈਲਗਰੀ ਦੇ ਲੋਕ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਕੈਲਗਰੀ ਵਿਚ ਲਗਭਗ 36000 ਵਿਦਿਆਰਥੀ ਪੜਾਈ ਕਰਦੇ ਹਨ ਅਤੇ ਸੈਨੇਟ ਦਾ ਰੋਲ ਜਿੱਥੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਉਲੀਕਣਾ ਹੁੰਦਾ ਹੈ, ਉੱਥੇ ਹੀ ਸਥਾਨਕ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਨੂੰ ਪ੍ਰਮੋਟ ਕਰਨਾਂ ਵੀ ਸੈਨੇਟਰਾਂ ਦੇ ਉਦੇਸ਼ਾਂ ਵਿੱਚੋਂ ਇਕ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸੁੱਤੇ ਪਏ ਲੋਕਾਂ ਦੇ ਘਰਾਂ 'ਚ ਜਾ ਵੜੀ ਪੁਲਸ! ਇਲਾਕੇ ਨੂੰ ਪਾ ਲਿਆ ਘੇਰਾ
ਪਨੂੰ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਨਾਰਥ ਈਸਟ ਕੈਲਗਰੀ ਦੇ ਨੌਜਵਾਨਾਂ ਨੂੰ ਯੂਨੀਵਰਸਿਟੀ ਸਿੱਖਿਆ ਨਾਲ ਜੋੜਨ ਦੇ ਨਵੇਂ ਅਤੇ ਪਾਏਦਾਰ ਉਪਰਾਲੇ ਕੀਤੇ ਜਾਣ ਅਤੇ ਨਾਲ ਹੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਸ਼ਹਿਰ ਦੇ ਪੰਜਾਬੀ ਭਾਈਚਾਰੇ ਅਤੇ ਸਿਰਕੱਢ ਪੰਜਾਬੀ ਅਦਾਰਿਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਐੱਨ. ਜੀ. ਓ. ਸੰਸਥਾਵਾਂ ਨਾਲ ਮਿਲਾਕੇ, ਪੰਜਾਬੀ ਭਾਈਚਾਰੇ ਵਾਸਤੇ ਯੂਨੀਵਰਸਿਟੀ ਪਾਸੋਂ ਵਿਸ਼ੇਸ਼ ਉਪਰਾਲੇ ਕਰਵਾਏ ਜਾਣ। ਗੌਰਤਲਬ ਇਹ ਵੀ ਹੈ ਕਿ ਪਨੂੰ ਇਸ ਵੇਲੇ ਕੈਨੇਡਾ ਦੇ ਸ਼ੈਡੋ ਮਨਿਸਟਰ ਆਫ਼ ਫਾਇਨਾਂਸ ਜਸਰਾਜ ਸਿੰਘ ਹੱਲਣ ਦੇ ਡਾਇਰੈਕਟਰ ਆਫ ਆਪਰੇਸ਼ਨਜ ਵੀ ਹਨ। ਉਨ੍ਹਾਂ ਵੱਲੋਂ ਕੈਲਗਰੀ ਦੇ ਪੰਜਾਬੀ ਮੀਡੀਆ ਖੇਤਰ ਵਿਚ ਵੀ ਸਾਲਾਂਬੱਧੀ ਕੰਮ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8