ਪੈਰਿਸ ਦੇ ਆਖਰੀ ਹਾਕਰ ਨੂੰ ਫਰਾਂਸ ਦਾ ਸਰਵਉੱਚ ਸਨਮਾਨ, 73 ਸਾਲਾ ਅਲੀ ਨੇ ਜ਼ਿੰਦਾ ਰੱਖੀ ਹੈ ਦਹਾਕਿਆਂ ਪੁਰਾਣੀ ਪਰੰਪਰਾ
Sunday, Feb 01, 2026 - 10:52 AM (IST)
ਪੈਰਿਸ (ਏਜੰਸੀ) – ਡਿਜੀਟਲ ਜ਼ਮਾਨੇ ਵਿਚ ਜਦੋਂ ਦੁਨੀਆ ਮੋਬਾਈਲ ਦੀ ਸਕ੍ਰੀਨ ’ਤੇ ਸਿਮਟ ਕੇ ਰਹਿ ਗਈ ਹੈ, ਉਸ ਵੇਲੇ ਪੈਰਿਸ ਦੀਆਂ ਸੜਕਾਂ ’ਤੇ ਅੱਜ ਵੀ ਅਖ਼ਬਾਰ ਦੀ ਆਵਾਜ਼ ਗੂੰਜ ਰਹੀ ਹੈ। ਇਸ ਆਵਾਜ਼ ਦੇ ਪਿੱਛੇ ਹਨ 73 ਸਾਲਾ ਅਲੀ ਅਕਬਰ, ਜਿਨ੍ਹਾਂ ਨੂੰ ਹੁਣ ਫਰਾਂਸ ਨੇ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਿਵਾਜਿਆ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਅਲੀ ਅਕਬਰ ਨੂੰ ‘ਨੈਸ਼ਨਲ ਆਰਡਰ ਆਫ਼ ਮੈਰਿਟ’ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਅਲੀ ਅਕਬਰ ਨੂੰ ਸਿਰਫ਼ ਇਕ ਅਖ਼ਬਾਰ ਵੇਚਣ ਵਾਲਾ ਨਹੀਂ, ਸਗੋਂ ਪੈਰਿਸ ਦੀ ਸੱਭਿਆਚਾਰਕ ਪਛਾਣ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਕੌਫੀ ਦੇ ਨਾਲ ਤਾਜ਼ਾ ਅਖ਼ਬਾਰ ਲੈਣ ਦੀ ਪਰੰਪਰਾ ਵਿਚ ਅਲੀ ਅਕਬਰ ਇਕ ਅਹਿਮ ਕੜੀ ਹਨ, ਜਿਨ੍ਹਾਂ ਨੇ ਦਹਾਕਿਆਂ ਤੋਂ ਇਸ ਪਰੰਪਰਾ ਨੂੰ ਜ਼ਿੰਦਾ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ 'ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ
50 ਸਾਲਾਂ ਤੋਂ ਅਖ਼ਬਾਰ ਵੇਚ ਰਹੇ ਹਨ ਅਲੀ
ਪਾਕਿਸਤਾਨ ਦੇ ਰਾਵਲਪਿੰਡੀ ਵਿਚ ਪੈਦਾ ਹੋਏ ਅਲੀ ਅਕਬਰ 1970 ਦੇ ਦਹਾਕੇ ’ਚ ਬਿਹਤਰ ਭਵਿੱਖ ਦੀ ਭਾਲ ਵਿਚ ਫਰਾਂਸ ਪਹੁੰਚੇ। ਬੀਤੇ 50 ਤੋਂ ਵੱਧ ਸਾਲਾਂ ਤੋਂ ਉਹ ਪੈਰਿਸ ਦੇ ਪ੍ਰਸਿੱਧ ਸੇਂਟ-ਜਰਮੇਨ-ਡੇ-ਪ੍ਰੇ ਇਲਾਕੇ ਵਿਚ ਸੜਕਾਂ ਅਤੇ ਕੈਫੇ ਦੇ ਬਾਹਰ ਅਖ਼ਬਾਰ ਵੇਚ ਰਹੇ ਹਨ। ਉਨ੍ਹਾਂ ਦੀ ਆਵਾਜ਼ ਤੇ ਮੁਸਕਰਾਹਟ ਪੈਰਿਸ ਦੀ ਸਵੇਰ ਦਾ ਹਿੱਸਾ ਬਣ ਚੁੱਕੀ ਹੈ। ਅਲੀ ਅਕਬਰ ਦੇ ਗਾਹਕਾਂ ਵਿਚ ਆਮ ਲੋਕਾਂ ਤੋਂ ਲੈ ਕੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਮਿਤਰਾਂ, ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਸਾਬਕਾ ਪ੍ਰਧਾਨ ਮੰਤਰੀ ਐਡੁਆਰ ਫਿਲਿਪ ਤੱਕ ਸ਼ਾਮਲ ਰਹੇ ਹਨ। ਇਹੀ ਕਾਰਨ ਹੈ ਕਿ ਅਲੀ ਸਿਰਫ਼ ਹਾਕਰ ਨਹੀਂ, ਸਗੋਂ ਇਕ ਚਲਦੀ-ਫਿਰਦੀ ਵਿਰਾਸਤ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ: Pak: ਮਹਿੰਗਾਈ ਨੇ ਕੱਢੇ ਜਨਤਾ ਦੇ ਵੱਟ ! 11.30. ਰੁਪਏ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੇ ਭਾਅ...
ਡਿਜੀਟਲ ਦੌਰ ’ਚ ਘਟੀ ਵਿਕਰੀ
ਅਲੀ ਦੱਸਦੇ ਹਨ ਕਿ ਪਹਿਲਾਂ ਉਹ ਰੋਜ਼ਾਨਾ ਸੈਂਕੜੇ ਅਖ਼ਬਾਰ ਵੇਚਦੇ ਸਨ ਪਰ ਡਿਜੀਟਲ ਕ੍ਰਾਂਤੀ ਕਾਰਨ ਹੁਣ ਇਹ ਗਿਣਤੀ ਘਟ ਕੇ 30-40 ਅਖ਼ਬਾਰ ਰੋਜ਼ਾਨਾ ਰਹਿ ਗਈ ਹੈ। ਉਹ ਅਖ਼ਬਾਰ ਅੱਧੀ ਕੀਮਤ ’ਤੇ ਖ਼ਰੀਦਦੇ ਹਨ ਅਤੇ ਲੱਗਭਗ 340 ਰੁਪਏ ਵਿਚ ਵੇਚਦੇ ਹਨ। ਅਲੀ ਅਕਬਰ ਦੀ ਮਹੀੇਨੇ ਦੀ ਕਮਾਈ ਹੁਣ ਲੱਗਭਗ 90 ਹਜ਼ਾਰ ਰੁਪਏ ਹੈ। ਉਹ ਕਹਿੰਦੇ ਹਨ ਕਿ ਭਾਵੇਂ ਆਮਦਨ ਪਹਿਲਾਂ ਵਰਗੀ ਨਹੀਂ ਰਹੀ ਪਰ ਅੱਜ ਜੋ ਸਨਮਾਨ ਮਿਲਿਆ ਹੈ, ਉਹ ਕਿਸੇ ਵੀ ਕਮਾਈ ਤੋਂ ਕਿਤੇ ਵੱਡਾ ਹੈ। ਫਰਾਂਸ ਸਰਕਾਰ ਨੇ ਅਲੀ ਅਕਬਰ ਨੂੰ ‘ਫਰਾਂਸ ਦਾ ਅੰਤਿਮ ਰਵਾਇਤੀ ਅਖ਼ਬਾਰ ਹਾਕਰ’ ਐਲਾਨਿਆ ਹੈ। ਇਹ ਸਨਮਾਨ ਸਿਰਫ਼ ਇਕ ਵਿਅਕਤੀ ਨੂੰ ਨਹੀਂ, ਸਗੋਂ ਅਖ਼ਬਾਰ ਅਤੇ ਸੜਕ ਸੱਭਿਆਚਾਰ ਨੂੰ ਸਲਾਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
