ਉਮੀਦ ਦੀ ਖ਼ਬਰ : 10 ਬੱਚਿਆਂ ਦੀ ਮਾਂ 'ਯਹੂਦੀ ਔਰਤ' ਬਣੀ ਡਾਕਟਰ, ਚੁਣੌਤੀਆਂ ਨੂੰ ਪਾਰ ਕਰ ਕਾਇਮ ਕੀਤੀ ਮਿਸਾਲ
Tuesday, Jun 29, 2021 - 12:45 PM (IST)
ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਜ਼ਬੂਤ ਇਰਾਦੇ ਵਾਲਾ ਇਨਸਾਨ ਆਪਣੀ ਮੰਜ਼ਿਲ ਜ਼ਰੂਰ ਹਾਸਲ ਕਰਦਾ ਹੈ।ਇਸ ਗੱਲ ਨੂੰ ਸੱਚ ਸਾਬਤ ਕਰਦਿਆਂ ਇਕ ਯਹੂਦੀ ਔਰਤ ਨੇ ਮਿਸਾਲ ਕਾਇਮ ਕੀਤੀ ਹੈ। ਰੂੜ੍ਹੀਵਾਦੀ ਯਹੂਦੀ (ਹਸੀਦਿਕ) ਭਾਈਚਾਰੇ ਵਿਚ ਔਰਤਾਂ ਦੀ ਪੂਰੀ ਜ਼ਿੰਦਗੀ ਘਰ-ਬੱਚੇ ਸੰਭਾਲਣ ਅਤੇ ਸਖ਼ਤ ਧਾਰਮਿਕ ਪਰੰਪਰਾਵਾਂ ਦਾ ਪਾਲਣ ਕਰਨ ਵਿਚ ਬੀਤਦੀ ਹੈ। ਅਮਰੀਕਾ ਵਿਚ 10 ਬੱਚਿਆਂ ਦੀ ਹਸੀਦਿਕ ਮਾਂ ਸਾਰੀਆਂ ਚੁਣੌਤੀਆਂ ਪਾਰ ਕਰ ਕੇ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ ਵਿਚ ਸਫਲ ਰਹੀ ਹੈ। ਹੁਣ ਉਹ ਭਾਈਚਾਰੇ ਲਈ ਪ੍ਰੇਰਨਾਸਰੋਤ ਹੈ।
ਨਿਊਯਾਰਕ ਦੀ ਅਲੈਗਜ਼ੈਂਡਰਾ ਫ੍ਰੀਡਮੈਨ ਵੀ ਹੋਰ ਔਰਤਾਂ ਵਾਂਗ ਜ਼ਿੰਦਗੀ ਜੀਅ ਰਹੀ ਸੀ ਪਰ ਹੁਣ ਉਸ ਦਾ ਨਾਮ ਇਤਿਹਾਸ ਵਿਚ ਡਾਕਟਰ ਬਣਨ ਵਾਲੀ ਚੋਣਵੀਂ ਹਸੀਦਿਕ ਔਰਤ ਡਾਕਟਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਅਲੈਗਜ਼ੈਂਡਰਾ ਨੇ ਡਾਕਟਰ ਬਣਨ ਬਾਰੇ ਸੋਚਿਆ ਤਾਂ ਦੋਸਤਾਂ ਤੱਕ ਨੇ ਮਜ਼ਾਕ ਕੀਤਾ। ਫਿਰ ਵੀ ਉਸ ਨੇ ਪੱਕਾ ਧਾਰ ਲਿਆ ਅਤੇ ਬੀਤੇ ਚਾਰ ਸਾਲਾਂ ਵਿਚ ਉਸ ਨੇ ਅਕੈਡਮੀ ਅਤੇ ਪਰਿਵਾਰਕ ਦੀਆਂ ਧਾਰਮਿਕ ਲੋੜਾਂ ਨੂੰ ਇਕੱਠੇ ਨਿਭਾਇਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 'ਸਪੈਲਿੰਗ ਬੀ' ਮੁਕਾਬਲੇ ਦੇ ਫਾਈਨਲ 'ਚ 11 ਵਿੱਚੋਂ 9 ਬੱਚੇ ਭਾਰਤੀ ਮੂਲ ਦੇ, ਵਧਾ ਰਹੇ ਨੇ ਦੇਸ਼ ਦਾ ਮਾਣ
ਮਜ਼ਬੂਤ ਇਰਾਦੇ ਦੀ ਉਦਾਹਰਨ
ਅਲੈਗਜ਼ੈਂਡਰਾ 8 ਮਹੀਨੇ ਦੇ ਬੇਟੇ ਤੋਂ ਲੈ ਕੇ 21 ਸਾਲ ਦੀ ਬੇਟੀ ਦੀ ਮਾਂ ਹੈ। ਅਲੈਗਜ਼ੈਂਡਰਾ ਦੇ ਬਾਰੇ ਯਹੂਦੀ ਆਰਥੋਡੌਕਸ ਵੂਮਨਜ਼ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਡਾਕਟਰ ਮਰੀਅਮ ਏ ਨੋਲ ਦਾ ਕਹਿਣਾ ਹੈ ਕਿ ਜਟਿਲ ਰੂੜ੍ਹੀਵਾਦੀ ਪਿੱਠਭੂਮੀ ਨਾਲ ਤਾਲਮੇਲ ਬਿਠਾਉਂਦੇ ਹੋਏ ਇੰਨਾ ਵੱਡਾ ਟੀਚਾ ਪਾਉਣਾ ਉਸ ਦੇ ਮਜ਼ਬੂਤ ਇਰਾਦੇ ਅਤੇ ਵਚਨਬੱਧਤਾ ਦੀ ਨਿਸ਼ਾਨੀ ਹੈ। ਅਲੈਗਜ਼ੈਂਡਰਾ ਤੋਂ ਯਹੂਦੀ ਔਰਤਾਂ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਔਰਤਾਂ ਆਪਣੀ ਸਿਹਤ ਸਮੱਸਿਆਵਾਂ 'ਤੇ ਉਸ ਨਾਲ ਖੁੱਲ੍ਹ ਕੇ ਗੱਲ ਕਰ ਪਾ ਰਹੀਆਂ ਹਨ। ਕੋਰੋਨਾ ਕਾਲ ਵਿਚ ਉਹਨਾਂ ਨੇ ਰੂੜ੍ਹੀਵਾਦੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।