ਮੈਲਬੋਰਨ 'ਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦਾ ਹੋਇਆ ਵਿਰੋਧ

04/09/2018 10:16:33 AM

ਮੈਲਬੋਰਨ (ਮਨਦੀਪ ਸਿੰਘ ਸੈਣੀ)- ਐਤਵਾਰ ਨੂੰ ਮੈਲਬੋਰਨ ਵਿਚ ਹੋਏ ਇਕ ਖੇਡ ਮੇਲੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਮੁੱਖ ਮਹਿਮਾਨ ਵਜੋਂ ਪੁੱਜੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਸਿੱਖ ਨੌਜਵਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਸਿੱਖ ਨੌਜਵਾਨਾਂ ਨੇ ਮਲੂਕਾ ਖਿਲਾਫ ਸਖਤ ਨਾਅਰੇਬਾਜ਼ੀ ਵੀ ਕੀਤੀ ਤੇ ਰੋਸ ਵਜੋਂ ਸਟੇਜ ਵੱਲ ਕੁਰਸੀਆਂ ਤੇ ਬੋਤਲਾਂ ਵੀ ਸੁੱਟੀਆਂ।


ਅਚਾਨਕ ਵਾਪਰੇ ਇਸ ਘਟਨਾਕ੍ਰਮ ਵਿਚ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਵਿਗੜ ਰਹੀ ਸਥਿਤੀ ਨੂੰ ਕਾਬੂ ਕੀਤਾ। ਕੁਝ ਨੌਜਵਾਨਾਂ ਵਲੋਂ ਮਲੂਕਾ ਵੱਲ ਜੁੱਤੀਆਂ ਵੀ ਸੁੱਟੀਆਂ ਗਈਆਂ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਪਰ ਕੁਝ ਦੇਰ ਬਾਅਦ ਰਿਹਾਅ ਕਰ ਦਿੱਤਾ ਗਿਆ। ਸਮੁੱਚੇ ਘਟਨਾਕ੍ਰਮ ਦੌਰਾਨ ਮਲੂਕਾ ਸਟੇਜ 'ਤੇ ਬੈਠੇ ਰਹੇ ਪਰ ਕੁਝ ਦੇਰ ਬਾਅਦ ਹੀ ਪੁਲਸ ਦੀ ਸੁਰੱਖਿਆ ਹੇਠ ਮੇਲੇ ਵਿਚੋਂ ਨਿਕਲ ਗਏ।

ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਦੀਵਾਲੀ ਮਨਾਉਣ ਦਾ ਹੋਕਾ ਦੇਣ ਵਾਲੇ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਨਿੱਜੀ ਦਫਤਰ ਦੇ ਉਦਘਾਟਨ ਸਮੇਂ ਰਾਮਾਇਣ ਦੇ ਪਾਠ ਉਪਰੰਤ ਸਿੱਖ ਅਰਦਾਸ ਦੀ ਵੀ ਨਕਲ ਕੀਤੀ ਸੀ, ਜਿਸ ਕਾਰਨ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪੁੱਜੀ ਸੀ।


Related News