ਅਮਰੀਕਾ ਤੋਂ ਬਾਅਦ ਮਲੇਸ਼ੀਆ ਵੀ ਹੋਇਆ ਚੀਨ ਖਿਲਾਫ, ਰੱਦ ਕਰੇਗਾ ਵੱਡੇ ਪ੍ਰਾਜੈਕਟ

Monday, Aug 13, 2018 - 11:09 PM (IST)

ਪੁਤਰੋਜੈ — ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨੇ ਸੋਮਵਾਰ ਨੂੰ ਆਖਿਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਚੀਨ ਨਾਲ ਕੀਤੇ ਗਏ ਅਰਬਾਂ ਡਾਲਰ ਦੇ ਸਮਝੌਤਿਆਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਨਗੇ। ਮਹਾਤੀਰ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਕਰਜ਼ ਤੋਂ ਬਾਹਰ ਕੱਢਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਹ ਗੱਲਾਂ ਚੀਨ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਕਹੀਆਂ। ਦੱਸ ਦਈਏ ਕਿ ਮਹਾਤੀਰ ਨੇ 3 ਮਹੀਨੇ ਪਹਿਲਾਂ ਹੀ ਮਲੇਸ਼ੀਆ ਦੀ ਸੱਤਾ 'ਚ ਵਾਪਸੀ ਕੀਤੀ ਹੈ।


ਮਹਾਤੀਰ ਨੇ ਆਖਿਆ ਕਿ ਉਹ ਚੀਨ ਨਾਲ ਚੰਗੇ ਸੰਬੰਧ ਰੱਖਣਾ ਚਾਹੁੰਦੇ ਹਨ ਅਤੇ ਉਸ ਦੇ ਨਿਵੇਸ਼ ਦਾ ਸਵਾਗਤ ਕਰਦੇ ਹਨ। ਹਾਲਾਂਕਿ ਉਨ੍ਹਾਂ ਨੇ ਚੀਨ ਸਮਰਥਿਤ ਗੈਸ ਪਾਈਪਲਾਈਨ ਅਤੇ ਮਲੇਸ਼ੀਆ ਦੇ ਪੂਰਬੀ ਤੱਟ ਦੇ ਕੰਢੇ ਰੇਲ ਪ੍ਰਾਜੈਕਟ ਨੂੰ ਲੈ ਕੇ ਸਖਤ ਪੱਖ ਅਪਣਾਇਆ। ਇਹ ਦੋਵੇਂ ਸਮਝੌਤੇ ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਰਜ਼ਾਕ ਨੇ ਕੀਤੇ ਸਨ, ਜੋਂ ਇਕ ਘੁਟਾਲੇ 'ਚ ਅਰਬਾਂ ਡਾਲਰ ਹੜ੍ਹਪੱਣ ਦੇ ਮਾਮਲੇ 'ਚ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮਹਾਤੀਰ ਨੇ ਆਖਿਆ ਕਿ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਉਨ੍ਹਾਂ 2 ਪ੍ਰਾਜੈਕਟਾਂ ਦੀ ਜ਼ਰੂਰਤ ਹੈ। ਸਾਨੂੰ ਨਹੀਂ ਲੱਗਦਾ ਕਿ ਉਹ ਵਿਵਹਾਰਕ ਹਨ ਇਸ ਲਈ ਅਸੀਂ ਇਨ੍ਹਾਂ 2 ਪ੍ਰਾਜੈਕਟਾਂ ਨੂੰ ਰੱਦ ਕਰਨਾ ਚਾਹੁੰਦੇ ਹਾਂ।


ਨਜ਼ੀਬ ਦੇ ਸ਼ਾਸਨ ਦੌਰਾਨ ਚੀਨ ਅਤੇ ਮਲੇਸ਼ੀਆ ਵਿਚਾਲੇ ਕਾਫੀ ਕਰੀਬੀ ਸੰਬੰਧ ਹੋ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਨੇ ਚੀਨ ਨਾਲ ਸਾਲ 2016 'ਚ 688 ਕਿ. ਮੀ. ਲੰਬੀ ਈਸਟ ਕੋਸਟ ਰੇਲ ਲਿੰਕ ਪ੍ਰਾਜੈਕਟ ਅਤੇ 2 ਗੈਸ ਪਾਈਪਲਾਈਨ ਸਮਝੌਤੇ ਵੀ ਕੀਤੇ ਸਨ। ਮਲੇਸ਼ੀਆ ਦੀ ਨਵੀਂ ਸਰਕਾਰ ਚੀਨ ਸਮਰਥਿਤ ਕੰਪਨੀਆਂ ਨਾਲ ਜੁੜੇ ਪ੍ਰਾਜੈਕਟਾਂ 'ਤੇ ਪਹਿਲੇ ਹੀ ਕੰਮ ਮੁਲਤਵੀ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਲਾਗਤ 'ਚ ਕਾਫੀ ਕਟੌਤੀ ਦਾ ਐਲਾਨ ਕੀਤਾ ਹੈ। ਮਹਾਤੀਰ ਨੇ ਆਖਿਆ ਕਿ ਜੇਕਰ ਪ੍ਰਾਜੈਕਟਾਂ ਨੂੰ ਰੱਦ ਕਰਨਾ ਸੰਭਵ ਨਹੀਂ ਹੋਇਆ ਤਾਂ ਮਲੇਸ਼ੀਆ ਨੂੰ ਘੱਟੋਂ-ਘੱਟ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਤੱਕ ਮੁਅੱਤਲ ਰੱਖਣਾ ਹੋਵੇਗਾ।


Related News