20 ਸਾਲ ਬਾਅਦ ਹਿੰਦੂ ਭਾਈਚਾਰੇ ਦੀ ਮੰਗ ਨੂੰ ਪਿਆ ਬੂਰ, ਸ਼ੁਰੂ ਹੋਇਆ ਮੰਦਰ ਦਾ ਨਵੀਨੀਕਰਨ

Monday, Oct 21, 2024 - 01:10 PM (IST)

20 ਸਾਲ ਬਾਅਦ ਹਿੰਦੂ ਭਾਈਚਾਰੇ ਦੀ ਮੰਗ ਨੂੰ ਪਿਆ ਬੂਰ, ਸ਼ੁਰੂ ਹੋਇਆ ਮੰਦਰ ਦਾ ਨਵੀਨੀਕਰਨ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਹਿੰਦੂ ਮੰਦਰ ਦੇ ਪੁਨਰ ਨਿਰਮਾਣ ਲਈ ਇਕ ਕਰੋੜ ਪਾਕਿਸਤਾਨੀ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਨਾਲ ਇਸ ਮੰਦਰ ਦੇ 64 ਸਾਲਾਂ ਦੇ ਟੁੱਟਣ ਤੋਂ ਬਾਅਦ ਮੁੜ ਨਿਰਮਾਣ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ। ਇਹ ਜਾਣਕਾਰੀ ਸੋਮਵਾਰ ਨੂੰ ਇਕ ਮੀਡੀਆ ਖ਼ਬਰ 'ਚ ਦਿੱਤੀ ਗਈ। 'ਡਾਨ ਨਿਊਜ਼' ਦੀ ਖ਼ਬਰ ਮੁਤਾਬਕ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਨਿਗਰਾਨੀ ਕਰਨ ਵਾਲੀ ਸੰਘੀ ਸੰਸਥਾ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਨੇ ਪੰਜਾਬ ਵਿਚ ਰਾਵੀ ਨਦੀ ਦੇ ਪੱਛਮੀ ਕੰਢੇ 'ਤੇ ਸਥਿਤ ਨਾਰੋਵਾਲ ਸ਼ਹਿਰ ਦੇ ਜ਼ਫਰਵਾਲ ਨਗਰ ਵਿਚ ਸਥਿਤ ਬਾਉਲੀ ਸਾਹਿਬ ਮੰਦਰ ਦੀ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਹ ਮੰਦਰ 1960 ਵਿੱਚ ਟੁੱਟ ਕੇ ਡਿੱਗ ਗਿਆ ਸੀ। 

ਇਸ ਸਮੇਂ ਨਾਰੋਵਾਲ ਜ਼ਿਲ੍ਹੇ ਵਿੱਚ ਕੋਈ ਵੀ ਹਿੰਦੂ ਮੰਦਰ ਨਹੀਂ ਹੈ, ਜਿਸ ਕਾਰਨ ਹਿੰਦੂ ਭਾਈਚਾਰੇ ਨੂੰ ਘਰ-ਘਰ ਜਾ ਕੇ ਧਾਰਮਿਕ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ ਜਾਂ ਸਿਆਲਕੋਟ ਅਤੇ ਲਾਹੌਰ ਦੇ ਮੰਦਰਾਂ ਵਿੱਚ ਜਾਣਾ ਪੈਂਦਾ ਹੈ। ਪਾਕਿ ਧਰਮਸਥਾਨ ਕਮੇਟੀ ਦੇ ਸਾਬਕਾ ਚੇਅਰਮੈਨ ਰਤਨ ਲਾਲ ਆਰੀਆ ਨੇ ਕਿਹਾ ਕਿ ਬਾਉਲੀ ਸਾਹਿਬ ਮੰਦਰ 'ਤੇ ਔਕਾਫ਼ ਬੋਰਡ ਦੇ ਕੰਟਰੋਲ ਕਾਰਨ ਇਹ ਮੰਦੀ ਦਾ ਸ਼ਿਕਾਰ ਹੋ ਗਿਆ ਅਤੇ ਨਾਰੋਵਾਲ ਦੇ 1,453 ਤੋਂ ਵੱਧ ਹਿੰਦੂਆਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਤੋਂ ਵਾਂਝੇ ਕਰ ਦਿੱਤਾ ਗਿਆ। ਪਾਕਿਸਤਾਨ ਬਣਨ ਤੋਂ ਬਾਅਦ ਨਾਰੋਵਾਲ ਜ਼ਿਲੇ ਵਿਚ 45 ਮੰਦਰ ਸਨ ਪਰ ਮੁਰੰਮਤ ਨਾ ਹੋਣ ਕਾਰਨ ਇਹ ਸਾਰੇ ਟੁੱਟ ਕੇ ਡਿੱਗ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਸੰਸਦ ਨੇ ਚੀਫ਼ ਜਸਟਿਸ ਦੇ ਕਾਰਜਕਾਲ ਸਬੰਧੀ ਸੰਵਿਧਾਨ ਸੋਧ ਬਿੱਲ ਕੀਤਾ ਪਾਸ

ਆਰੀਆ ਨੇ ਕਿਹਾ ਕਿ ਪਾਕਿ ਧਰਮਸਥਾਨ ਕਮੇਟੀ ਪਿਛਲੇ 20 ਸਾਲਾਂ ਤੋਂ ਬਾਉਲੀ ਸਾਹਿਬ ਮੰਦਰ ਦੇ ਨਵੀਨੀਕਰਨ ਦੀ ਵਕਾਲਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਿੰਦੂ ਭਾਈਚਾਰੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੰਦਰ ਦੀ ਮੁਰੰਮਤ ਲਈ ਕਦਮ ਚੁੱਕੇ ਹਨ। ਸੁਪਰੀਮ ਕੋਰਟ ਦੇ ‘ਵਨ ਮੈਨ ਕਮਿਸ਼ਨ’ ਦੇ ਚੇਅਰਮੈਨ ਸ਼ੋਏਬ ਸਿੱਦਲ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਮੰਜ਼ੂਰ ਮਸੀਹ ਨੇ ਇਸ ਮੁਰੰਮਤ ਦੇ ਯਤਨਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਾਕਿ ਧਰਮਸਥਾਨ ਕਮੇਟੀ ਦੇ ਪ੍ਰਧਾਨ ਸਾਵਨ ਚੰਦ ਨੇ ਕਿਹਾ ਕਿ ਬਾਉਲੀ ਸਾਹਿਬ ਮੰਦਰ ਦੇ ਨਵੀਨੀਕਰਨ ਨਾਲ ਹਿੰਦੂ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਪੂਜਾ ਸਥਾਨ 'ਤੇ ਧਾਰਮਿਕ ਰਸਮਾਂ ਨਿਭਾਉਣ ਦੀ ਇਜਾਜ਼ਤ ਮਿਲੇਗੀ। ਪਾਕਿਸਤਾਨ ਵਿੱਚ ਹਿੰਦੂ ਸਭ ਤੋਂ ਵੱਡੀ ਘੱਟ ਗਿਣਤੀ ਭਾਈਚਾਰਾ ਹੈ। ਸਰਕਾਰੀ ਅੰਦਾਜ਼ੇ ਮੁਤਾਬਕ ਪਾਕਿਸਤਾਨ ਵਿੱਚ 75 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ। ਹਾਲਾਂਕਿ ਭਾਈਚਾਰੇ ਅਨੁਸਾਰ ਦੇਸ਼ ਵਿੱਚ 90 ਲੱਖ ਤੋਂ ਵੱਧ ਹਿੰਦੂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News