ਪਾਕਿਸਤਾਨ ’ਚ ਲੱਖਾਂ ਦੀ ਜਾਇਦਾਦ ਬਣਾਉਣ ਵਾਲੇ ਅਫਗਾਨ ਖਾਲੀ ਹੱਥ ਦੇਸ਼ ਛੱਡਣ ਲਈ ਮਜਬੂਰ

Monday, Nov 20, 2023 - 03:35 PM (IST)

ਕਰਾਚੀ, (ਏ. ਐੱਨ. ਆਈ.)– ਹਾਜ਼ੀ ਮੁਬਾਰਕ ਸ਼ਿਨਵਾਰੀ 1982 ’ਚ ਆਪਣੇ 5 ਪੁੱਤਾਂ ਅਤੇ 2 ਭਰਾਵਾਂ ਨਾਲ ਪਾਕਿਸਤਾਨ ਆਏ ਸਨ। ਉਨ੍ਹਾਂ ਨੇ ਸਖਤ ਮਿਹਨਤ ਨਾਲ ਕੱਪੜਿਆਂ, ਟਰਾਂਸਪੋਰਟ ਅਤੇ ਕਰਜ਼ਾ ਦੇਣ ਸਮੇਤ ਵੱਖ-ਵੱਖ ਵਪਾਰਾਂ ਦਾ ਇਕ ਨੈੱਟਵਰਕ ਤਿਆਰ ਕੀਤਾ ਅਤੇ ਹੁਣ ਕਰਾਚੀ ਦੇ ਬਾਹਰੀ ਇਲਾਕੇ ’ਚ ਅਲ-ਆਸਿਫ ਸਕਵੇਅਰ ’ਚ ਕਈ ਜਾਇਦਾਦਾਂ ਦੇ ਮਾਲਕ ਹਨ।

ਸ਼ਿਨਵਾਰੀ ਕਹਿੰਦੇ ਹਨ ਕਿ ਅਸੀਂ ਇੰਨੇ ਸਾਲ ਤੋਂ ਇੱਥੇ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਹਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅਸੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਹ ਅਜਿਹੇ ਇਕੱਲੇ ਵਿਅਕਤੀ ਨਹੀਂ ਹਨ। ਕਰਾਚੀ ਦੇ ਉੱਤਰ ’ਚ ਅਲ-ਆਸਿਫ ਸਕਵੇਅਰ ਹੈ, ਜਿੱਥੇ ਅਫਗਾਨਾਂ ਦੀ ਬਹੁਤ ਆਬਾਦੀ ਹੈ। ਨਾਲ ਹੀ ਅਫਗਾਨ ਮਜਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀਆਂ 2 ਵੱਡੀਆਂ ਬਸਤੀਆਂ ਹਨ।

ਮੁੱਖ ਤੌਰ ’ਤੇ 1978 ’ਚ ਸੋਵੀਅਤ ਦੇ ਹਮਲੇ ਤੋਂ ਬਾਅਦ ਸ਼ਰਨਾਰਥੀਆਂ ਵਜੋਂ ਪਾਕਿਸਤਾਨ ਆਉਣ ਵਾਲੇ ਅਫਗਾਨਾਂ ਨੇ ਦਹਾਕਿਆਂ ਤੱਕ ਪਾਕਿਸਤਾਨ ਦੇ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਵਪਾਰ ਅਤੇ ਕੰਮ ਕੀਤਾ ਹੈ।

ਪਾਕਿਸਤਾਨ ਸਰਕਾਰ ਨੇ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਰਹਿ ਰਹੇ ਅਫਗਾਨਾਂ ਨੂੰ ਵਾਪਸ ਭੇਜਣ ਦੀ ਸਮਾਂ ਹੱਦ 31 ਅਕਤੂਬਰ ਤੈਅ ਕੀਤੀ ਸੀ, ਜਿਸ ਦੇ ਖਤਮ ਹੋਣ ਦੇ 2 ਹਫਤੇ ਬਾਅਦ ਹਜ਼ਾਰਾਂ ਲੋਕ ਇੱਥੋਂ ਖਾਲੀ ਹੱਥ ਪਲਾਇਨ ਕਰ ਰਹੇ ਹਨ।


Rakesh

Content Editor

Related News