ਕੰਗਾਲੀ ਦੇ ਕੰਢੇ ’ਤੇ ਅਫ਼ਗਾਨਿਸਤਾਨ, ਤਨਖ਼ਾਹ ਲਈ ਸੜਕਾਂ ’ਤੇ ਉਤਰੇ ਸਰਕਾਰੀ ਕਰਮਚਾਰੀ
Monday, Dec 20, 2021 - 10:26 AM (IST)
ਕਾਬੁਲ- ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਦੀ ਆਰਥਿਕ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਦੇ ਭੁਗਤਾਨ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਰਿਪੋਰਟ ਅਨੁਸਾਰ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਅਤੇ ਸ਼ਹਿਰੀ ਵਿਕਾਸ ਅਤੇ ਭੂਮੀ ਮੰਤਰਾਲਾ ਦੇ ਸੈਂਕੜੇ ਕਰਮਚਾਰੀਆਂ ਨੇ ਤਨਖ਼ਾਹ ਦੇ ਭੁਗਤਾਨ ਲਈ ਕਾਬੁਲ ’ਚ ਵੱਖ-ਵੱਖ ਪ੍ਰਦਰਸ਼ਨ ਕੀਤੇ।
ਪ੍ਰਦਰਸ਼ਨ ’ਚ ਸ਼ਾਮਲ ਡਾ. ਸਮੀਰ ਅਹਿਮਦ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਇਨ੍ਹਾਂ ’ਚ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਕਾਰਜਕਾਲ ਦੇ ਡੇਢ ਮਹੀਨੇ ਅਤੇ ਤਾਲਿਬਾਨ ਸਰਕਾਰ ਦੇ 5 ਮਹੀਨੇ ਸ਼ਾਮਲ ਹਨ। ਮਹਿਲਾ ਡਾਕਟਰ ਨੇ ਕਿਹਾ ਕਿ ਸਾਨੂੰ ਹਸਪਤਾਲ ਆਉਣ-ਜਾਣ ਲਈ ਵਾਹਨ ਕਿਰਾਇਆ ਦੇਣਾ ਹੁੰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਵੀ ਕਾਫ਼ੀ ਮਹਿੰਗੀਆਂ ਹੋ ਗਈਆਂ ਹਨ। ਅਸੀਂ ਤਨਖ਼ਾਹ ਮੰਗਣ ਲਈ ਮਜ਼ਬੂਰ ਹਾਂ। ਰਿਪੋਰਟ ਅਨੁਸਾਰ, ਸ਼ਹਿਰੀ ਵਿਕਾਸ ਮੰਤਰਾਲਾ ਦੇ ਕਰਮਚਾਰੀਆਂ ਨੇ ਕਾਰਜਕਾਰੀ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਨੂੰ 7 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ।