ਅਫਗਾਨਿਸਤਾਨ 'ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ 179 ਜ਼ਖਮੀ
Sunday, Jul 07, 2019 - 04:11 PM (IST)

ਕਾਬੁਲ (ਏਜੰਸੀ)— ਮੱਧ ਅਫਗਾਨਿਸਤਾਨ ਵਿਚ ਐਤਵਾਰ ਨੂੰ ਇਕ ਕਾਰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 179 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਰਨ ਵਾਲਿਆਂ ਵਿਚ ਨੇੜਲੇ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਸ਼ਾਮਲ ਹਨ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਸਮੂਹ ਨੇ ਲਈ ਹੈ।
ਸੂਬਾਈ ਪਰੀਸ਼ਦ ਦੇ ਮੈਂਬਰ ਹਸਨ ਰਜ਼ਾ ਯੂਸਫੀ ਨੇ ਦੱਸਿਆ,''ਐਤਵਾਰ ਸਵੇਰੇ 8:30 ਵਜੇ ਇਹ ਆਤਮਘਾਤੀ ਹਮਲਾ ਹੋਇਆ। ਇਸ ਆਤਮਘਾਤੀ ਹਮਲੇ ਦਾ ਨਿਸ਼ਾਨਾ ਗਜ਼ਨੀ ਵਿਚ ਇਕ ਖੁਫੀਆ ਏਜੰਟ ਕੰਪਲੈਕਸ ਸੀ ਜੋ ਉਸੇ ਨਾਮ ਦੇ ਸੂਬੇ ਦੀ ਰਾਜਧਾਨੀ ਸੀ।''
ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਕਈ ਖੁਫੀਆ ਏਜੰਟ ਮਾਰੇ ਗਏ। ਅਧਿਕਾਰੀਆਂ ਨੇ ਸਰਕਾਰੀ ਖੁਫੀਆ ਕਰਮਚਾਰੀਆਂ ਵਿਚੋਂ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ। ਇਹ ਹਮਲਾ ਅਫਗਾਨਿਸਤਾਨ ਦੇ ਲਗਾਤਾਰ ਯੁੱਧਾਂ ਦਾ ਅੰਤ ਕਰਨ ਦੀ ਕੋਸ਼ਿਸ਼ ਵਿਚ ਇਕ ਆਲ-ਅਫਗਾਨ ਦੋ ਦਿਨੀ ਸੰਮੇਲਨ ਦੇ ਬਾਅਦ ਹੋਇਆ। ਅਮਰੀਕੀ ਸ਼ਾਂਤੀ ਦੂਤ ਜ਼ਲਮਯ ਖਲੀਲਜ਼ਾਦ ਨੇ ਕਿਹਾ ਕਿ ਦੋਹਾ ਵਿਚਾਲੇ ਤਾਲਿਬਾਨ ਦੇ ਨਾਲ ਗੱਲਬਾਤ ਦਾ ਤਾਜ਼ਾ ਦੌਰ ਲਾਭਕਾਰੀ ਰਿਹਾ।
ਐੱਨ.ਡੀ.ਐੱਸ. ਨੇ ਕਿਹਾ ਆਲੇ-ਦੁਆਲੇ ਦੇ ਘਰਾਂ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਬਿਆਨ ਵਿਚ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਹਮਲੇ ਨੂੰ ਮਨੁੱਖਤਾ ਵਿਰੁੱਧ ਅਪਰਾਧ ਕਰਾਰ ਦਿੱਤਾ।