ਅਫਗਾਨਿਸਤਾਨ 'ਚ ਹਵਾਈ ਹਮਲਾ, 13 ਲੋਕਾਂ ਦੀ ਮੌਤ

03/25/2019 4:40:30 PM

ਕਾਬੁਲ (ਭਾਸ਼ਾ)— ਉੱਤਰੀ ਅਫਗਾਨ ਸੂਬੇ ਕੁੰਡੁਜ਼ ਵਿਚ ਬੀਤੇ ਹਫਤੇ ਦੇ ਅਖੀਰ ਵਿਚ ਕੌਮਾਂਤਰੀ ਬਲਾਂ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਹ ਗੱਲ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਨੇ ਕਹੀ। ਹਮਲਾ ਸ਼ੁੱਕਰਵਾਰ ਦੇਰ ਰਾਤ ਅਤੇ ਸ਼ਨੀਵਾਰ ਤੜਕਸਾਰ ਹੋਇਆ। ਇਹ ਹਮਲਾ ਖੇਤਰ ਵਿਚ ਤਾਲਿਬਾਨ ਅੱਤਵਾਦੀਆਂ ਵਿਰੁੱਧ ਲੜ ਰਹੇ ਸਰਕਾਰ ਸਮਰਥਕ ਬਲਾਂ ਵੱਲੋਂ ਸੰਚਾਲਿਤ ਕੀਤੇ ਜਾ ਰਹੀਆਂ ਜ਼ਮੀਨੀ ਮੁਹਿੰਮਾਂ ਦੇ ਸਮਰਥਨ ਵਿਚ ਕੀਤਾ ਗਿਆ। 

ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਇਕ ਬਿਆਨ ਵਿਚ ਕਿਹਾ,''ਸ਼ੁਰੂਆਤੀ ਜਾਂਚ ਨਾਲ ਸੰਕੇਤ ਮਿਲਦਾ ਹੈ ਕਿ ਮਾਰੇ ਗਏ ਵਿਅਕਤੀਆਂ ਵਿਚ 10 ਬੱਚੇ ਹਨ। ਇਹ ਉਸ ਵਿਸਤਾਰਤ ਪਰਿਵਾਰ ਦਾ ਹਿੱਸਾ ਸਨ ਜੋ ਕਿ ਦੇਸ਼ ਵਿਚ ਹੋਰ ਥਾਵਾਂ 'ਤੇ ਸੰਘਰਸ਼ ਦੇ ਚੱਲਦਿਆਂ ਵਿਸਥਾਪਿਤ ਹੋਏ।'' ਅਮਰੀਕਾ ਅਫਗਾਨਿਸਤਾਨ ਵਿਚ ਅੰਤਰਰਾਸ਼ਟਰੀ ਗਠਜੋੜ ਦਾ ਇਕੋਇਕ ਮੈਂਬਰ ਹੈ ਜੋ ਸੰਘਰਸ਼ ਵਿਚ ਹਵਾਈ ਸਹਿਯੋਗ ਮੁਹੱਈਆ ਕਰਾਉਂਦਾ ਹੈ। ਨਾਟੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਗਠਜੋੜ ਦਾਅਵਿਆਂ ਦੀ ਜਾਂਚ ਕਰ ਰਿਹਾ ਹੈ।


Vandana

Content Editor

Related News