ਅਫਗਾਨਿਸਤਾਨ ਤੋਂ 44 ਫ਼ੀਸਦੀ ਤੱਕ ਪੂਰੀ ਹੋਈ ਅਮਰੀਕੀ ਫੌਜੀਆਂ ਦੀ ਵਾਪਸੀ
Thursday, Jun 03, 2021 - 09:24 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਵਿਚੋਂ ਵਾਪਸੀ ਦੀ ਮੁਹਿੰਮ ਜਾਰੀ ਹੈ। ਇਸ ਵਾਪਸੀ ਪ੍ਰਕਿਰਿਆ ਦੀ ਜਾਣਕਾਰੀ ਦਿੰਦਿਆਂ ਯੂ. ਐਸ. ਦੀ ਸੈਂਟਰਲ ਕਮਾਂਡ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਅਨੁਮਾਨਿਤ 30-44% ਦੇ ਵਿਚਕਾਰ ਵਾਪਸੀ ਪੂਰੀ ਹੋ ਗਈ ਹੈ। ਯੂ. ਐਸ. ਦੀ ਕੇਂਦਰੀ ਕਮਾਂਡ ਸੈਂਟਕਾਮ ਨੇ 31 ਮਈ ਤੱਕ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੇ ਵਾਪਸ ਆਉਣ ਦੇ ਬਾਰੇ ਅਪਡੇਟ ਦੌਰਾਨ ਇਹ ਜਾਣਕਾਰੀ ਦਿੱਤੀ।
ਅਪ੍ਰੈਲ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਸਾਲ 11 ਸਤੰਬਰ ਤੱਕ ਅਫਗਾਨਿਸਤਾਨ ਤੋਂ ਸਾਰੇ ਫੌਜੀ ਵਾਪਸ ਸੱਦਣ ਦਾ ਐਲਾਨ ਕੀਤਾ ਸੀ। ਸੈਂਟਕਾਮ ਅਨੁਸਾਰ ਰਾਸ਼ਟਰਪਤੀ ਦੇ ਫੈਸਲੇ ਤੋਂ ਬਾਅਦ, ਰੱਖਿਆ ਵਿਭਾਗ ਨੇ ਅਫਗਾਨਿਸਤਾਨ ਤੋਂ ਲੱਗਭਗ 300 ਸੀ -17 ਲੋਡ ਸਮੱਗਰੀ ਵਾਪਸ ਲੈ ਲਈ ਹੈ ਅਤੇ ਲਗਭਗ 13,000 ਉਪਕਰਣ ਵੀ ਲੌਜਿਸਟਿਕ ਏਜੰਸੀ ਨੂੰ ਤਬਦੀਲ ਕਰ ਦਿੱਤੇ ਹਨ। ਇਸ ਦੇ ਇਲਾਵਾ ਅਮਰੀਕਾ ਨੇ ਅਧਿਕਾਰਤ ਤੌਰ 'ਤੇ ਬੇਸ ਦੀਆਂ 6 ਸਹੂਲਤਾਂ ਵੀ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੂੰ ਸੌਂਪੀਆਂ ਹਨ। ਇਸ ਸੈਨਿਕ ਵਾਪਸੀ ਮੁਹਿੰਮ ਦੇ ਸੈਂਟਰਲ ਕਮਾਂਡ ਅਨੁਸਾਰ ਮਿੱਥੀ ਹੋਈ ਤਾਰੀਖ਼ ਤੱਕ ਪੂਰੀ ਹੋਣ ਦੀ ਉਮੀਦ ਹੈ।