ਅਫਗਾਨਿਸਤਾਨ ''ਚ ਚੋਣਾਂ ਤੋਂ ਪਹਿਲਾਂ ਦੋਹਰੇ ਬੰਬ ਧਮਾਕਿਆਂ ''ਚ 48 ਲੋਕਾਂ ਦੀ ਮੌਤ ਤੇ 80 ਜ਼ਖਮੀ
Tuesday, Sep 17, 2019 - 11:15 PM (IST)

ਕਾਬੁਲ - ਅਫਗਾਨਿਸਤਾਨ 'ਚ ਚੋਣਾਂ ਤੋਂ ਪਹਿਲਾਂ ਰਾਜਧਾਨੀ ਕਾਬੁਲ ਅਤੇ ਪਰਵਾਨ ਸੂਬੇ 'ਚ ਮੰਗਲਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ 'ਚ 48 ਲੋਕਾਂ ਦੀ ਮੌਤ ਹੋ ਗਈ। ਪਹਿਲਾ ਧਮਾਕਾ ਮੱਧ ਪਰਵਾਨ ਸੂਬੇ 'ਚ ਹੋਇਆ, ਜਿਥੇ ਰਾਸ਼ਟਰਪਤੀ ਅਬੁਦਲ ਗਨੀ ਰੈਲੀ ਕਰ ਰਹੇ ਸਨ। ਹਮਲਾਵਰ ਮੋਟਰਸਾਈਕਲ 'ਤੇ ਆਏ ਅਤੇ ਰੈਲੀ ਵਾਲੀ ਥਾਂ ਦੇ ਨੇੜੇ ਪੁਲਸ ਚੌਂਕੀ 'ਚ ਬੰਬ ਲਾ ਕੇ ਧਮਾਕਾ ਕਰ ਦਿੱਤਾ, ਜਿਸ 'ਚ 26 ਲੋਕਾਂ ਦੀ ਮੌਤ ਹੋ ਗਈ ਅਤੇ 42 ਲੋਕ ਜ਼ਖਮੀ ਹੋ ਗਏ। ਇਸ ਤੋਂ ਠੀਕ ਇਕ ਘੰਟੇ ਬਾਅਦ ਮੱਧ ਕਾਬੁਲ 'ਚ ਅਮਰੀਕੀ ਦੂਤਘਰ ਦੇ ਨੇੜੇ ਧਮਾਕਾ ਹੋਇਆ, ਜਿਸ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ। ਇਸ ਧਮਾਕੇ 'ਚ 22 ਲੋਕਾਂ ਦੀ ਮਾਰੇ ਜਾਣ ਅਤੇ 38 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਾਲਿਬਾਨ ਦੇ ਨਾਲ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਸਮਝੌਤੇ 'ਤੇ ਗੱਲਬਾਤ ਖਤਮ ਕਰਨ ਤੋਂ ਬਾਅਦ ਇਹ ਧਮਾਕੇ ਹੋਏ ਹਨ। ਸਮਝੌਤੇ ਦੇ ਤਹਿਤ ਅਮਰੀਕਾ ਨੂੰ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣਾ ਸੀ। ਤਾਲਿਬਾਨ ਨੇ ਮੀਡੀਆ ਨੂੰ ਭੇਜੇ ਇਕ ਬਿਆਨ 'ਚ ਦੋਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲਾ ਮੁਜ਼ਾਹਿਦ ਨੇ ਆਖਿਆ ਹੈ ਕਿ ਰੈਲੀ ਦੇ ਨੇੜੇ ਜਾਣ ਬੁਝ ਕੇ ਧਮਾਕਾ ਕੀਤਾ ਗਿਆ ਤਾਂ ਜੋਂ 28 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਅੜਚਣ ਪਾਈ ਜਾ ਸਕੇ। ਬਿਆਨ 'ਚ ਆਖਿਆ ਗਿਆ ਹੈ ਕਿ ਅਸੀਂ ਪਹਿਲਾਂ ਹੀ ਲੋਕਾਂ ਨੂੰ ਚਿਤਾਵਨੀ ਦੇ ਚੁੱਕੇ ਹਾਂ ਕਿ ਉਹ ਚੋਣ ਰੈਲੀਆਂ 'ਚ ਸ਼ਿਰਕਤ ਨਾ ਕਰਨ। ਜੇਕਰ ਉਨ੍ਹਾਂ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਖੁਦ ਇਸ ਦੇ ਜ਼ਿੰਮੇਵਾਰ ਹੋਣਗੇ।
ਪਰਵਾਨ ਹਸਪਤਾਲ ਦੇ ਡਾਇਰੈਕਟਰ ਅਬਦੁਲ ਕਾਸਿਮ ਸੰਗੀਨ ਨੇ ਆਖਿਆ ਕਿ ਮ੍ਰਿਤਕਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪਰਵਾਨ ਸੂਬੇ 'ਚ ਜਿਸ ਸਮੇਂ ਧਮਾਕਾ ਹੋਇਆ ਉਦੋਂ ਰਾਸ਼ਟਰਪਤੀ ਅਸ਼ਰਫ ਗਨੀ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰ ਰਹੇ ਸਨ, ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਗਨੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਸ਼ਾਂਤੀ 'ਚ ਤਾਲਿਬਾਨ ਦੀ ਕੋਈ ਦਿਲਚਸਪੀ ਨਹੀਂ ਹੈ।