ਅਫਗਾਨ ਔਰਤਾਂ ਨੂੰ ਸਤਾ ਰਿਹੈ ਤਾਲਿਬਾਨ ਦੀ ਵਾਪਸੀ ਦਾ ਡਰ

Sunday, Mar 01, 2020 - 09:44 PM (IST)

ਅਫਗਾਨ ਔਰਤਾਂ ਨੂੰ ਸਤਾ ਰਿਹੈ ਤਾਲਿਬਾਨ ਦੀ ਵਾਪਸੀ ਦਾ ਡਰ

ਕਾਬੁਲ (ਏ.ਐਫ.ਪੀ.)- ਅਫਗਾਨਿਸਤਾਨ 'ਚ ਮੌਜੂਦ ਅਮਰੀਕੀ ਫੌਜ ਵਾਪਸੀ ਦੀ ਤਿਆਰੀ ਵਿਚ ਹੈ, ਪਰ ਦੇਸ਼ ਦੀਆਂ ਔਰਤਾਂ ਤਾਲਿਬਾਨ ਦੀ ਵਾਪਸੀ ਨੂੰ ਲੈ ਕੇ ਬੁਰੀ ਤਰ੍ਹਾਂ ਡਰੀਆਂ ਹੋਈਆਂ ਹਨ। ਉਹ ਦੇਸ਼ ਵਿਚ ਸ਼ਾਂਤੀ ਤਾਂ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਮਿਲੀ ਸੁਤੰਤਰਤਾ ਖੁੱਸ ਸਕਦੀ ਹੈ। ਸਾਲ 2001 ਵਿਚ ਅਮਰੀਕੀ ਫੌਜ ਦੇ ਆਉਣ ਤੋਂ ਪਹਿਲਾਂ ਪੰਜ ਸਾਲ ਤੱਕ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਸ਼ਾਸਨ ਰਿਹਾ ਸੀ। ਉਸ ਦੌਰਾਨ ਸ਼ਰਈ ਕਾਨੂੰਨ ਲਾਗੂ ਕਰਕੇ ਇਕ ਤਰ੍ਹਾਂ ਨਾਲ ਔਰਤਾਂ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਪੜ੍ਹਣ ਅਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਜਦੋਂ ਤਾਲਿਬਾਨ ਦਾ ਪਤਨ ਹੋਇਆ ਤਾਂ ਕਾਬੁਲ ਵਰਗੇ ਸ਼ਹਿਰੀ ਖੇਤਰਾਂ ਵਿਚ ਔਰਤਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ।

ਪੱਛਮੀ ਸ਼ਹਿਰ ਹੇਰਾਤ ਵਿਚ 32 ਸਾਲ ਦੀ ਇਕ ਕੰਮਕਾਜੀ ਤਲਾਕਸ਼ੁਦਾ ਮਹਿਲਾ ਸਿਤਾਰਾ ਅਕਰੀਮੀ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਵੇਗੀ ਕਿ ਦੇਸ਼ ਵਿਚ ਅਮਨ ਕਾਇਮ ਹੋਵੇ ਅਤੇ ਤਾਲਿਬਾਨ ਸਾਡੇ ਲੋਕਾਂ ਨੂੰ ਮਾਰਨਾ ਬੰਦ ਕਰ ਦੇਵੇ ਪਰ ਜੇਕਰ ਤਾਲਿਬਾਨ ਆਪਣੀ ਪੁਰਾਣੀ ਮਾਨਸਿਕਤਾ ਦੇ ਨਾਲ ਸੱਤਾ ਵਿਚ ਵਾਪਸ ਆਉਂਦਾ ਹੈ ਤਾਂ ਇਹ ਮੇਰੇ ਲਈ ਚਿੰਤਾ ਦੀ ਗੱਲ ਹੋਵੇਗੀ। ਜੇਕਰ ਉਹ ਕਹਿੰਦੇ ਹਨ ਕਿ ਮੈਂ ਘਰ 'ਚ ਹੀ ਰਹਾਂ ਤਾਂ ਅਜਿਹੀ ਸਥਿਤੀ ਵਿਚ ਮੈਂ ਆਪਣੇ ਘਰ ਦੀ ਮਦਦ ਨਹੀਂ ਕਰ ਸਕਾਂਗੀ। ਮੇਰੇ ਵਰਗੀਆਂ ਹਜ਼ਾਰਾਂ ਔਰਤਾਂ ਹਨ ਅਤੇ ਉਹ ਸਾਰੀਆਂ ਚਿੰਤਤ ਹਨ। ਕਾਬੁਲ ਸਥਿਤ ਪਸ਼ੂ ਡਾਕਟਰ ਤਾਹਿਰਾ ਰੇਜਾਈ ਨੇ ਕਿਹਾ ਕਿ ਤਾਲਿਬਾਨ ਦੇ ਆਉਣ ਨਾਲ ਔਰਤਾਂ ਦੀ ਸੁਤੰਤਰਤਾ 'ਤੇ ਅਸਰ ਪਵੇਗਾ। ਉਨ੍ਹਾਂ ਦੀ ਮਾਨਸਿਕਤਾ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਦੇ ਇਤਿਹਾਸ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੇਰੇ ਵਰਗੀਆਂ ਕੰਮਕਾਜੀ ਔਰਤਾਂ ਲਈ ਸਥਿਤੀ ਮੁਸ਼ਕਲ ਹੋ ਜਾਵੇਗੀ।

ਨਾਂਗਹਾਰ ਸੂਬੇ ਦੀ ਇਕ ਸਰਕਾਰੀ ਮਹਿਲਾ ਅਧਿਕਾਰੀ ਨੇ ਕਿਹਾ ਕਿ ਇਥੇ ਰਹਿਣ ਵਾਲਾ ਹਰ ਪਰਿਵਾਰ ਦੁਖੀ ਹੈ ਕਿਉਂਕਿ ਉਸ ਨੇ ਜੰਗ ਵਿਚ ਆਪਣੇ ਬੱਚਿਆਂ, ਪੁੱਤਰਾਂ ਅਤੇ ਭਰਾਵਾਂ ਨੂੰ ਗੁਆਇਆ ਹੈ। ਅਸੀਂ ਦੇਸ਼ ਵਿਚ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ ਪਰ ਮੇਰਾ ਮੰਨਣਾ ਹੈ ਕਿ ਜੇਕਰ ਤਾਲਿਬਾਨ ਫਿਰ ਤੋਂ ਸ਼ਾਸਨ ਵਿਚ ਆਇਆ ਤਾਂ ਔਰਤਾਂ ਦੂਜੇ ਦਰਜੇ ਦੀ ਨਾਗਰਿਕ ਹੋ ਜਾਣਗੀਆਂ। 
ਤਾਲਿਬਾਨ ਵੀ ਸਾਡੇ ਭਰਾ
ਹੋਰ ਔਰਤਾਂ ਜਿੱਥੇ ਤਾਲਿਬਾਨ ਦੀ ਵਾਪਸੀ ਨੂੰ ਲੈ ਕੇ ਚਿੰਤਤ ਹਨ ਉਥੇ ਹੀ ਕੰਧਾਰ ਦੀ 17 ਸਾਲਾ ਵਿਦਿਆਰਥਣ ਪਰਵਾਨਾ ਹੁਸੈਨੀ ਇਸ ਤੋਂ ਪੂਰੀ ਤਰ੍ਹਾਂ ਬੇਫਿਕਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਬਿਲਕੁਲ ਚਿੰਤਤ ਨਹੀਂ ਹਾਂ। ਤਾਲਿਬਾਨ ਵੀ ਸਾਡੇ ਭਰਾ ਹਨ। ਅਸੀਂ ਸਾਰੇ ਅਫਗਾਨ ਹਾਂ ਅਤੇ ਸ਼ਾਂਤੀ ਚਾਹੁੰਦੇ ਹਾਂ। ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਉਹ ਤਾਲਿਬਾਨ ਨੂੰ ਆਪਣੀ ਪੁਰਾਣੀ ਵਿਚਾਰਧਾਰਾ ਨੂੰ ਉਨ੍ਹਾਂ 'ਤੇ ਥੋਪਣ ਦੀ ਇਜਾਜ਼ਤ ਨਹੀਂ ਦੇਵੇਗੀ।


author

Sunny Mehra

Content Editor

Related News