ਕਾਬੁਲ ਗੁਰਦੁਆਰਾ ਹਮਲੇ 'ਚ ਆਪਣਿਆਂ ਨੂੰ ਗੁਆ ਚੁੱਕੇ ਸਿੱਖਾਂ ਦੇ ਸਵਾਲ, ਸਾਡਾ ਕੀ ਕਸੂਰ?
Thursday, Mar 26, 2020 - 06:10 PM (IST)
ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਪ੍ਰਮੁੱਖ ਗੁਰਦੁਆਰੇ 'ਤੇ ਬੁੱਧਵਾਰ ਨੂੰ ਹੱਥਿਆਰਾਂ ਨਾਲ ਲੈਸ ਇਕ ਆਤਮਘਾਤੀ ਆਤਮਘਾਤੀ ਅੱਤਵਾਦੀ ਨੇ ਹਮਲਾ ਕੀਤਾ, ਜਿਸ ਵਿਚ ਘੱਟ ਤੋਂ ਘੱਟ 25 ਲੋਕਾਂ ਦੀ ਜਾਨ ਚਲੀ ਗਈ। ਇਸ ਭਿਆਨਕ ਹਮਲੇ ਦਾ ਜ਼ਿਕਰ ਕਰਦਿਆਂ ਆਪਣਾ ਸਾਰਾ ਕੁਝ ਗੁਆ ਚੁੱਕੇ ਸਿੱਖਾਂ ਨੇ ਕਿਹਾ ਕਿ ਉਹਨਾਂ ਨੇ ਸਾਰਿਆਂ ਨੂੰ ਮਾਰ ਦਿੱਤਾ, ਕੋਈ ਜ਼ਿੰਦਾ ਨਹੀਂ ਬਚਿਆ। ਸਾਡਾ ਕੀ ਕਸੂਰ ਸੀ?
ਸਮਝਿਆ ਜਾ ਰਿਹਾ ਹੈ ਹਮਲਾਵਰ ਪਾਕਿਸਤਾਨ ਦੇ ਹੱਕਾਨੀ ਨੈੱਟਵਰਕ ਗਰੁੱਪ ਨਾਲ ਜੁੜਿਆ ਹੋਇਆ ਸੀ। ਅਫਗਾਨਿਸਤਾਨ ਵਿਚ ਘੱਟ ਗਿਣਤੀ ਸਿੱਖਾਂ 'ਤੇ ਇਹ ਸਭ ਤੋਂ ਘਾਤਕ ਹਮਲਿਆਂ ਵਿਚੋਂ ਇਕ ਸੀ। ਟੋਲੋ ਨਿਊਜ਼ ਦੇ ਮੁਤਾਬਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਗੁਆ ਚੁੱਕੇ ਕਈ ਅਫਗਾਨ ਸਿੱਖ ਸਵਾਲ ਕਰ ਰਹੇ ਹਨ ਕਿ ਆਖਿਰ ਉਹਨਾਂ ਦਾ ਕਸੂਰ ਕੀ ਸੀ। ਅਖਬਾਰ ਦੇ ਮੁਤਾਬਕ ਕਈ ਪ੍ਰਭਾਵਿਤ ਪਰਿਵਾਰ ਇਸ ਹਮਲੇ ਨੂੰ ਮਨੁੱਖਤਾ ਦੇ ਖਿਲਾਫ ਅਪਰਾਧ ਕਰਾਰ ਦੇ ਰਹੇ ਹਨ। ਇਸ ਹਮਲੇ ਵਿਚ ਆਪਣੇ ਪਰਿਵਾਰ ਦੇ 7 ਮੈਂਬਰਾਂ ਨੂੰ ਗੁਆ ਚੁੱਕੇ ਇਕ ਵਿਅਕਤੀ ਨੇ ਕਿਹਾ ਕਿ ਹਮਲਾਵਰ ਨੇ ਪੁਰਸ਼-ਮਹਿਲਾ ਤੇ ਬੱਚਿਆਂ 'ਤੇ ਗੋਲੀਆਂ ਚਲਾਈਆਂ ਤੇ ਉਸ ਨੇ ਕਿਸੇ 'ਤੇ ਵੀ ਥੋੜਾ ਜਿਹਾ ਵੀ ਤਰਸ ਨਹੀਂ ਖਾਧਾ।
ਹਰਵਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੇ ਕਿਹਾ ਕਿ ਉਹਨਾਂ ਨੇ ਮੇਰੀ ਮਾਂ, ਮੇਰੀ ਪਤਨੀ ਤੇ ਮੇਰੇ ਛੋਟੇ ਬੇਟੇ ਨੂੰ ਮੇਰੀਆਂ ਅੱਖਾਂ ਮੂਹਰੇ ਗੋਲੀਆਂ ਦਾਗ ਕੇ ਮਾਰ ਦਿੱਤਾ। ਇਸ ਹਮਲੇ ਵਿਚ ਆਪਣੀ ਮਾਂ ਨੂੰ ਗੁਆ ਚੁੱਕੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਮੇਰੀ ਮਾਂ ਦਾ ਕੀ ਕਸੂਰ ਸੀ ਤੇ ਦੇਸ਼ ਦੇ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਦੇ ਇਕ ਹੋਰ ਰਿਸ਼ਤੇਦਾਰ ਨੇ ਕਿਹਾ ਕਿ ਸਾਡਾ ਕੀ ਕਸੂਰ ਹੈ। ਆਓ ਤੇ ਸਾਡੇ ਗੁਨਾਹਾਂ ਬਾਰੇ ਦੱਸੋ। ਕੀ ਅਸੀਂ ਮੁਸਲਮਾਨਾਂ ਖਿਲਾਫ ਕੁਝ ਕੀਤਾ ਹੈ। ਅਪਾਰ ਸਿੰਘ ਨਾਂ ਦੇ ਇਕ ਹੋਰ ਵਿਅਕਤੀ ਨੇ ਕਿਹਾ ਕਿ ਉਹਨਾਂ ਨੇ ਸਾਰਿਆਂ ਨੂੰ ਮਾਰ ਦਿੱਤਾ, ਕੋਈ ਜ਼ਿੰਦਾ ਨਹੀਂ ਬਚਿਆ।