ਅਫਗਾਨਿਸਤਾਨ ''ਚ ਵੱਧ ਰਹੀ ਤਾਲਿਬਾਨ ਹਿੰਸਾ ਲਈ ਅਮਰੀਕਾ ਜ਼ਿੰਮੇਵਾਰ : ਗਨੀ
Tuesday, Aug 03, 2021 - 12:25 PM (IST)
ਕਾਬੁਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸੋਮਵਾਰ ਨੂੰ ਦੇਸ਼ ਵਿਚ ਵੱਧ ਰਹੀ ਹਿੰਸਾ ਲਈ ਅਮਰੀਕੀ ਫ਼ੌਜਾਂ ਦੀ ਤੇਜ਼ੀ ਨਾਲ ਹੋ ਰਹੀ ਵਾਪਸੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਤਾਲਿਬਾਨ ਦੇ ਵਧਦੇ ਪ੍ਰਭਾਵ ਤੋਂ ਸੂਬਾਈ ਰਾਜਧਾਨੀਆਂ ਤੋਂ ਇਲਾਵਾ ਪ੍ਰਮੁੱਖ ਸ਼ਹਿਰੀ ਖੇਤਰਾਂ ਦੀ ਸੁਰੱਖਿਆ 'ਤੇ ਧਿਆਨ ਕੇਂਦਰਿਤ ਕਰੇਗੀ।
ਗਨੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਤਾਲਿਬਾਨ ਅਤੇ ਅਫਗਾਨ ਸਰਕਾਰ ਦੀਆਂ ਫ਼ੌਜਾਂ ਵਿਚਾਲੇ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਸਾਂਸਦਾਂ ਨੂੰ ਤਾਲਿਬਾਨ ਖ਼ਿਲਾਫ ਰਾਸ਼ਟਰੀ ਪੱਧਰ 'ਤੇ ਇਕਜੁਟ ਹੋਣ ਤੇ ਲਾਮਬੰਦੀ ਮੁਹਿੰਮ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ।
ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਫ਼ੌਜੀਆਂ ਦੀ ਵਾਪਸੀ ਦੇ ਮੱਦੇਨਜ਼ਰ ਗਨੀ ਦਾ ਬਿਆਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੰਸਦ ਨੂੰ ਸੰਬੋਧਨ ਕਰਦਿਆਂ ਗਨੀ ਨੇ ਕਿਹਾ, "ਤਾਲਿਬਾਨ ਨਾਲ ਸ਼ਾਂਤੀ ਪ੍ਰਕਿਰਿਆ ਦੀ ਗੱਲਬਾਤ ਦਾ ਕੋਈ ਲਾਭ ਨਹੀਂ ਹੋਇਆ, ਬਲਕਿ ਇਸ ਨਾਲ ਅਫਗਾਨਿਸਤਾਨ ਦੇ ਲੋਕਾਂ ਵਿਚ ਸ਼ੱਕ ਅਤੇ ਖ਼ਦਸ਼ੇ ਦੀ ਸਥਿਤੀ ਪੈਦਾ ਹੋ ਗਈ ਹੈ।" ਅਫਗਾਨ ਰਾਸ਼ਟਰਪਤੀ ਨੇ ਕਿਹਾ, “ਤਾਲਿਬਾਨ ਸ਼ਾਂਤੀ ਵਿਚ ਵਿਸ਼ਵਾਸ ਨਹੀਂ ਰੱਖਦਾ। ਅਗਲੇ ਛੇ ਮਹੀਨਿਆਂ ਵਿਚ ਬੇਮਿਸਾਲ ਤਬਦੀਲੀਆਂ ਹੋਣਗੀਆਂ ਅਤੇ ਤਾਲਿਬਾਨ ਨੂੰ ਪਿੱਛੇ ਧੱਕ ਦਿੱਤਾ ਜਾਵੇਗਾ।"ਉਨ੍ਹਾਂ ਕਿਹਾ ਕਿ ਅਫਗਾਨ ਸੁਰੱਖਿਆ ਬਲਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਅੱਤਵਾਦੀਆਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਨ। ਸਦਨ ਦੇ ਅਸਾਧਾਰਣ ਸੈਸ਼ਨ ਨੂੰ ਸੰਬੋਧਨ ਕਰਨ ਲਈ ਗਨੀ ਹੈਲੀਕਾਪਟਰ ਰਾਹੀਂ ਪਹੁੰਚੇ। ਰਾਸ਼ਟਰਪਤੀ ਦੇ ਭਾਸ਼ਣ ਦੇ ਕੁਝ ਘੰਟਿਆਂ ਬਾਅਦ ਤਾਲਿਬਾਨ ਨੇ ਹੇਲਮੰਦ ਪ੍ਰਾਂਤ ਦੀ ਰਾਜਧਾਨੀ ਲਸ਼ਕਰ ਗਾਹ ਵਿੱਚ ਸੂਬਾਈ ਸਰਕਾਰ ਦੀ ਰੇਡੀਓ ਅਤੇ ਟੀਵੀ ਇਮਾਰਤ 'ਤੇ ਕਬਜ਼ਾ ਕਰ ਲਿਆ।