ਐਡੀਲੇਡ ਦੇ ਸ਼ਹਿਰ “ਮੁਰੇ ਬ੍ਰਿਜ” 'ਚ ਕਿਸਾਨੀ ਅੰਦੋਲਨ ਦੇ ਹੱਕ 'ਚ ਲੜੀਵਾਰ ਰੋਸ ਪ੍ਰਦਰਸ਼ਨ ਜਾਰੀ

Monday, Feb 01, 2021 - 03:21 PM (IST)

ਐਡੀਲੇਡ (ਕਰਨ ਬਰਾੜ): ਕਿਸਾਨੀ ਸੰਘਰਸ਼ ਪੰਜਾਬ ਅਤੇ ਦਿੱਲੀ ਤੋਂ ਹੁੰਦਾ ਹੋਇਆ ਸਾਰੇ ਸੰਸਾਰ ਵਿੱਚ ਫੈਲ ਚੁੱਕਾ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਐਸਾ ਮੁਲਕ ਹੋਵੇ ਜਿੱਥੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਮੂਹਰੇ ਨਾ ਆਇਆ ਹੋਵੇ। ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਵਾਂਗ ਐਡੀਲੇਡ ਦਾ ਭਾਈਚਾਰਾ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇੱਥੇ ਕਿਸਾਨਾਂ ਦੇ ਹੱਕ ਵਿੱਚ ਹਰ ਹਫ਼ਤੇ ਲੜੀਵਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। 

PunjabKesari

ਇਸੇ ਲੜੀ ਤਹਿਤ ਲੰਘੇ ਦਿਨ ਐਡੀਲੇਡ ਦੇ ਨੇੜਲੇ ਸ਼ਹਿਰ ਮੁਰੇ ਬ੍ਰਿਜ ਵਿੱਚ ਜਗਤਾਰ ਨਾਗਰੀ ਤੇ ਪੰਜਾਬੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਉਲੀਕਿਆ ਗਿਆ, ਜਿਸ ਵਿੱਚ ਐਡੀਲੇਡ ਅਤੇ ਨਾਲ ਵੱਸਦੇ ਕਸਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਮੋਦੀ ਸਰਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਪਹੁੰਚੀਆਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਵੱਖ-ਵੱਖ ਵੰਨਗੀਆਂ ਰਾਹੀਂ ਆਪਣੇ ਵਿਚਾਰ ਰੱਖੇ। ਇਸ ਦੌਰਾਨ ਮਹਿੰਗਾ ਸਿੰਘ ਸੰਗਰ ਦੀ ਟੀਮ ਵੱਲੋਂ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦਾ ਨਾਟਕ ਮਦਾਰੀ ਵੀ ਖੇਡਿਆ ਗਿਆ। ਸਟੇਜ ਦੀ ਜ਼ਿੰਮੇਵਾਰੀ ਮੋਹਨ ਸਿੰਘ ਮਲਹਾਂਸ ਨੇ ਬਾਖੂਬੀ ਨਿਭਾਈ। 

ਪੜ੍ਹੋ ਇਹ ਅਹਿਮ ਖਬਰ- 'ਗਲੋਬਲ ਇੰਡੀਅਨ ਡਾਇਸਪੋਰਾ' ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਅਪੀਲ

ਇਸ ਮੌਕੇ ਸਮਾਗਮ ਦੇ ਪ੍ਰਬੰਧਕ ਜਗਤਾਰ ਨਾਗਰੀ ਵੱਲੋਂ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦਾ ਸਿਖਰ ਬੀਬੀਆਂ ਵੱਲੋਂ ਮੋਦੀ ਨੂੰ ਲਾਹਣਤਾਂ ਪਾਉਂਦੀਆਂ ਬੋਲੀਆਂ ਨਾਲ ਹੋਇਆ। ਇਸ ਮੋਕੇ ਉੱਥੇ ਪਹੁੰਚੀਆਂ ਵੱਖ-ਵੱਖ ਸੰਸਥਾਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਬਿਲ ਵਾਪਸ ਨਾ ਲਏ ਜਾਣ ਤੱਕ ਐਡੀਲੇਡ ਦੇ ਵੱਖ-ਵੱਖ ਹਿੱਸਿਆਂ ਵਿੱਚ ਮੋਦੀ ਸਰਕਾਰ ਦੇ ਵਿਰੋਧ ਵਿੱਚ ਇਹ ਪ੍ਰਦਰਸ਼ਨ ਇਸੇ ਤਰਾਂ ਵੱਡੇ ਪੱਧਰ 'ਤੇ ਜਾਰੀ ਰਹਿਣਗੇ। ਇਸ ਮੋਕੇ ਵਿਸ਼ੇਸ਼ ਤੌਰ 'ਤੇ ਆਸਟੇ੍ਲੀਅਨ ਸਿੱਖ ਸਪੋਰਟਸ, ਗੁਰਦੁਆਰਾ ਸਰਬੱਤ ਖਾਲਸਾ ਪ੍ਰੋਸਪੈਕਟ ਅਤੇ ਗੁਰੂ ਨਾਨਕ ਦਰਬਾਰ ਐਲਨਬੇ ਗਾਰਡਨ ਵੱਲੋ ਲੰਗਰ ਅਤੇ ਠੰਡੇ ਜਲ ਦੀ ਸੇਵਾ ਕੀਤੀ ਗਈ।

ਨੋਟ- ਐਡੀਲੇਡ ਦੇ ਸ਼ਹਿਰ “ਮੁਰੇ ਬ੍ਰਿਜ” 'ਚ ਕਿਸਾਨੀ ਅੰਦੋਲਨ ਦੇ ਹੱਕ 'ਚ ਵੱਡੇ ਸਮਾਗਮ ਆਯੋਜਿਤ ਕੀਤੇ ਜਾਣ ਸੰਬੰਧੀ ਦੱਸੋ ਆਪਣੀ ਰਾਏ।


Vandana

Content Editor

Related News