ਅੰਮ੍ਰਿਤਸਰ ਹਾਦਸਾ: ਜਾਂਚ ਰਿਪੋਰਟ ਦੇ ਆਧਾਰ ''ਤੇ ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ: ਕੈਪਟਨ
Wednesday, Oct 24, 2018 - 04:10 PM (IST)

ਤੇਲ ਅਵੀਵ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ 'ਚ ਵਾਪਰੇ ਇਸ ਦਰਦਨਾਕ ਰੇਲ ਹਾਦਸੇ 'ਚ 59 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਕਿ ਇਸ ਵੇਲੇ ਆਪਣੀ ਪੰਜ ਦਿਨਾਂ ਇਜ਼ਰਾਇਲ ਯਾਤਰਾ 'ਤੇ ਹਨ, ਨੇ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਚੱਲ ਰਹੀ ਹੈ ਤੇ ਜਾਂਚ ਪੁਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਹਾਦਸੇ ਪਿੱਛੇ ਕੌਣ ਜ਼ਿੰਮੇਦਾਰ ਵਿਅਕਤੀ ਹੈ। ਮੁੱਖ ਮੰਤਰੀ ਨੂੰ ਇਹ ਪੁੱਛੇ ਜਾਣ 'ਤੇ ਕਿ ਕੀ ਉਹ ਆਪਣੀ ਯਾਤਰਾ ਇਸ ਹਾਦਸੇ ਤੋਂ ਬਾਅਦ ਅੱਧ ਵਿਚਾਲੇ ਛੱਡ ਦੇਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਯਾਤਰਾ ਬਹੁਤ ਲੰਬੇ ਸਮੇਂ ਤੋਂ ਪਲਾਨ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਹ ਯਾਤਰਾ ਪਹਿਲਾਂ ਹੀ ਦੇਰੀ ਨਾਲ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਨੇ ਸ਼ਨੀਵਾਰ ਦਾ ਪੂਰਾ ਦਿਨ ਅੰਮ੍ਰਿਤਸਰ 'ਚ ਹੀ ਬਿਤਾਇਆ ਹੈ। ਐਤਵਾਰ ਨੂੰ ਵੀ ਦੇਸ਼ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਹੀ ਆਪਣੀ ਯਾਤਰਾ ਸ਼ੁਰੂ ਕੀਤੀ ਹੈ।
ਕੈਪਟਨ ਨੇ ਕਿਹਾ ਕਿ ਇਜ਼ਰਾਇਲ ਆਉਣ ਤੋਂ ਬਾਅਦ ਵੀ ਮੈਂ ਆਪਣੀ ਕੈਬਨਿਟ ਦੇ ਮੰਤਰੀਆਂ ਨਾਲ ਸੰਪਰਕ 'ਚ ਹਾਂ ਤੇ ਮੈਨੂੰ ਰੁਜ਼ਾਨਾ ਦੀ ਰਿਪੋਰਟ ਮਿਲ ਰਹੀ ਹੈ। ਦੱਸਣਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਨੇ ਕੈਪਟਨ ਦੇ ਇਜ਼ਰਾਇਲ ਦੌਰੇ ਦੀ ਨਿੰਦਾ ਕੀਤੀ ਸੀ।